*ਮਾਲੇਰਕੋਟਲਾ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਨੂੰ ਸਾਲ ਦੇ ਅੰਤ ਤੱਕ ਅਧਿਕਾਰੀਆਂ ਨੂੰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼ : ਡਾ.ਇੰਦਰਬੀਰ ਸਿੰਘ ਨਿੱਜਰ*

0
12

ਚੰਡੀਗੜ੍ਹ, 9 ਦਸੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਲੜੀ ਤਹਿਤ ਸੂਬੇ ਵਿਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸਥਾਨਕ ਸਰਕਾਰਾਂ ਮੰਤਰੀ, ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਲਈ ਜਲ ਸਪਲਾਈ ਅਤੇ ਸੀਵਰੇਜ ਵਿਵਸਥਾ ਵਿਚ ਵਿਸਥਾਰ ਅਤੇ ਸੁਧਾਰ ਕਰਨ ਲਈ ਤਕਰੀਬਨ 68.13 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਮਾਲੇਰਕੋਟਲਾ ਸ਼ਹਿਰ ਲਈ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਦੇ ਪ੍ਰਗਤੀ ਅਧੀਨ ਪ੍ਰਾਜੈਕਟ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਨੂੰ ਹਰ ਹੀਲੇ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਲਈ ਪ੍ਰਵਾਨਿਤ ਜਲ ਸਪਲਾਈ ਪ੍ਰਾਜੈਕਟ ਅਧੀਨ ਵੱਖ-ਵੱਖ ਆਕਾਰ ਦੀਆਂ ਜਲ ਸਪਲਾਈ ਦੀਆਂ ਪਾਈਪ ਲਾਈਨਾਂ ਵਿਛਾਉਣ, 9 ਨੰਬਰ ਨਵੇਂ ਟਿਊਬਵੈਲ ਅਤੇ ਇਸਦੇ ਨਾਲ ਸਬੰਧਤ ਹੋਰ ਕੰਮ ਇਸ ਪ੍ਰਾਜੈਕਟ ਅਧੀਨ ਕਵਰ ਹੋਣਗੇ। ਉਹਨਾਂ ਨੇ ਦੱਸਿਆ ਕਿ ਜਲ ਸਪਲਾਈ ਪ੍ਰਾਜੈਕਟ ਦੀ ਲਾਗਤ 14.85 ਕਰੋੜ ਰੁਪਏ ਹੈ। ਇਸ ਜਲ ਸਪਲਾਈ ਪ੍ਰਾਜੈਕਟ ਅਧੀਨ ਤਕਰੀਬਨ 36 ਕਿਲੋਮੀਟਰ ਖੇਤਰ ਕਵਰ ਕੀਤਾ ਜਾਵੇਗਾ।
ਡਾ.ਨਿੱਜਰ ਨੇ ਅੱਗੇ ਦੱਸਿਆ ਕਿ ਮਾਲੇਰਕੋਟਲਾ ਵਿਖੇ ਸੀਵਰੇਜ ਵਿਵਸਥਾ ਵਿਚ ਵਿਸਥਾਰ ਅਤੇ ਸੁਧਾਰ ਕਰਨ ਲਈ ਤਕਰੀਬਨ 53.28 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।  ਇਸ ਪ੍ਰਾਜੈਕਟ ਅਧੀਨ ਸੀਵਰੇਜ ਲਾਈਨਾਂ ਵਿਛਾਉਣ, 22 ਐਮ.ਐਲ.ਡੀ ਸਮੱਰਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਹੋਰ ਸਬੰਧਤ ਕੰਮ ਕਵਰ ਹੋਣਗੇ। ਇਸ ਸੀਵਰੇਜ ਪ੍ਰਾਜੈਕਟ ਅਧੀਨ ਤਕਰੀਬਨ 59 ਕਿਲੋਮੀਟਰ ਖੇਤਰ ਕਵਰ ਕੀਤਾ ਜਾਵੇਗਾ।
ਡਾ.ਨਿੱਜਰ ਨੇ ਦੱਸਿਆ ਕਿ ਇਸ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਅਧੀਨ ਮਾਲੇਰਕੋਟਲਾ ਸ਼ਹਿਰ ਦੀ  ਵੱਡੀ ਆਬਾਦੀ ਨੂੰ ਲਾਭ ਮਿਲੇਗਾ।
ਉਹਨਾਂ ਦੱਸਿਆ ਕਿ ਇਸ ਪ੍ਰਾਜੈਕਟ  ਅਧੀਨ ਮਾਦੇਵੀ ਰੋਡ, ਬਰਕਤਪੁਰਾ ਰੋਡ, ਰਵਿਦਾਸ ਰੋਡ, ਗੋਬਿੰਦ ਨਗਰ, ਨੌਧਰਾਨੀ ਰੋਡ, ਨਾਭਾ ਰੋਡ, ਮਾਣਕ ਮਾਜਰਾ ਰੋਡ, ਲਸਾੜਾ ਡਰੇਨ, ਧੂਰੀ ਰੋਡ, ਜਨਤਾ ਕਲੋਨੀ ਨਾਭਾ ਰੋਡ ਆਈ.ਟੀ.ਯੂ., ਮਹਾਰਾਜਾ ਹੋਟਲ, ਏਕਤਾ ਕਲੋਨੀ, ਨੌਸ਼ਹਿਰਾ ਆਦਿ ਖੇਤਰ ਕਵਰ ਹੋਣਗੇ। ਇਸ ਤੋਂ ਇਲਾਵਾ ਘੁਮਿਆਰਾ ਮੁਹੱਲਾ, ਸੀਤਾ ਗ੍ਰਾਮਰ ਸਕੂਲ, ਨੂਰ ਬਸਤੀ, ਕੂਕਾ ਸਮਾਰਕ, ਕਿੰਗ ਕਲੋਨੀ, ਸੇਬ ਕਲੋਨੀ, ਜੌੜੀਆ ਮੁਹੱਲਾ, ਸਰੂੜ ਰੋਡ, ਮਾਣਕ ਮਾਜਰਾ, ਗੋਬਿੰਦਪੁਰਾ, ਮਤੋਈ ਰੋਡ, ਜਮਾਲਪੁਰਾ, ਡੇਰਾ ਬਾਬਾ ਆਤਮਾ ਰਾਮ ਰੋਡ ਲੁਧਿਆਣਾ ਰੋਡ ਖੱਬੇ ਪਾਸੇ, ਅਮਾਮਗੜ੍ਹ ਰੋਡ, ਮੁਸਤਕ ਬਸਤੀ, ਚੇਤਨ ਨਗਰ, ਖੁਸ਼ਹਾਲ ਬਸਤੀ, ਕਾਲੂ ਬਸਤੀ, ਖਾਰਾ ਖੂਹ, ਸੁਲਤਾਨ ਬਸਤੀ, ਚੰਦ ਕਲੋਨੀ, ਨੂਰ ਬਸਤੀ, ਮਾਨਾ ਰੋਡ, ਰਾਏਕੋਟ ਰੋਡ, ਮਦੀਨਾ ਰੋਡ, ਨਵਾਬ ਕਲੋਨੀ, ਰਵਿਦਾਸ ਨਗਰ, ਲੋਹਾ ਬਜਾਰ, ਈ.ਓ.ਰਿਹਾਇਸ਼ ਲੁਧਿਆਣਾ ਬਾਈਪਾਸ, ਸ਼ੀਤਲਾ ਮਾਤਾ ਮੰਦਰ, ਮੰਡਿਆਲਾ ਰੋਡ, ਕੱਚਾ ਦਰਵਾਜ਼ਾ, ਘੁਮਲਾਰਾ ਮੁਹੱਲਾ ਅਤੇ ਮਾਨਾ ਰੋਡ ਆਦਿ ਖੇਤਰ ਪਾਣੀ ਦੀ ਸਪਲਾਈ ਅਤੇ ਸੀਵਰੇਜ ਲਈ ਕਵਰ ਕੀਤੇ ਗਏ ਹਨ।
ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੀਵਰੇਜ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। 22 ਐਮ.ਐਲ.ਡੀ. ਸਮੱਰਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਵੀ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੁਲਤਾਂ ਅਤੇ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ।
ਮੰਤਰੀ ਨੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿਭਾਗ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਲਿਆਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਭ੍ਰਿਸਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਦਾ ਮਾਨ ਸਰਕਾਰ ਦਾ ਸੁਪਨਾ ਸਾਕਾਰ ਹੋ ਸਕੇ।
——–
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਡਰੈਗਨ ਬੋਟ ਖੇਡ ਨੂੰ ਪੰਜਾਬ ਵਿੱਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਾਂਗੇ: ਮੀਤ ਹੇਅਰ
ਖੇਡ ਮੰਤਰੀ ਨੇ 10ਵੀਂ ਸੀਨੀਅਰ ਡਰੈਗਨ ਬੋਟ ਰੇਸਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਕੀਤਾ ਸਵਾਗਤ
ਚੰਡੀਗੜ੍ਹ, 9 ਦਸੰਬਰ
ਪੰਜਾਬ ਵਿੱਚ ਪਾਣੀਆਂ ਦੀਆਂ ਖੇਡਾਂ ਲਈ ਬਹੁਤ ਸਮਰੱਥਾ ਹੈ। ਰੋਇੰਗ, ਕਾਏਕਿੰਗ ਤੇ ਕਨੋਇੰਗ ਖੇਡ ਵਾਂਗ ਡਰੈਗਨ ਬੋਟ ਖੇਡ ਨੂੰ ਵੀ ਸੂਬੇ ਵਿੱਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਕਰਵਾਈ ਜਾ ਰਹੀ 10ਵੀਂ ਸੀਨੀਅਰ ਡਰੈਗਨ ਬੋਟ ਰੇਸਿੰਗ ਚੈਂਪੀਅਨਸ਼ਿਪ (ਪੁਰਸ਼ਾਂ ਤੇ ਮਹਿਲਾਵਾਂ) ਦੇ ਉਦਘਾਟਨ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ।
ਮੀਤ ਹੇਅਰ ਨੇ ਕਿਹਾ ਕਿ ਰੋਇੰਗ ਖੇਡ ਵਿੱਚ ਪੰਜਾਬ ਦੇ ਖਿਡਾਰੀ ਏਸ਼ਿਆਈ ਖੇਡਾਂ ਦੇ ਚੈਂਪੀਅਨ ਬਣੇ ਹਨ ਅਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਪੰਜਾਬ ਵਿੱਚ ਮਾਨਸਾ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲਿ੍ਹਆਂ ਵਿੱਚ ਰੋਇੰਗ ਖੇਡ ਦੇ ਕਈ ਖਿਡਾਰੀ ਹਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੱਕ ਨਾਮਣਾ ਖੱਟਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਵਿੱਚ ਪੰਜਾਬ ਨੂੰ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਲਏ ਗਏ ਸੁਫਨੇ ਨੂੰ ਪੂਰਾ ਕਰਨ ਲਈ ਖੇਡ ਵਿਭਾਗ ਹਰ ਖੇਡ ਵੱਲ ਧਿਆਨ ਦੇ ਰਿਹਾ ਹੈ। ਪਿਛਲੇ ਦਿਨੀਂ ਰੂਪਨਗਰ ਵਿਖੇ ਰੋਇੰਗ ਖੇਡ ਲਈ ਕਿਸ਼ਤੀਆਂ ਖਰੀਦਣ ਲਈ 50 ਲੱਖ ਰੁਪਏ ਮਨਜ਼ੂਰ ਕੀਤੇ ਗਏ।
ਖੇਡ ਮੰਤਰੀ ਨੇ ਕਿਹਾ ਕਿ ਡਰੈਗਨ ਬੋਟ ਖੇਡ ਹਾਲੇ ਨਵੀਂ ਹੈ ਪਰ ਰੋਇੰਗ ਨਾਲ ਮਿਲਦੀ-ਜੁਲਦੀ ਹੋਣ ਕਰਕੇ ਇਸ ਖੇਡ ਦੇ ਅੱਗੇ ਵਧਣ ਦੀ ਬਹੁਤ ਸੰਭਾਵਨਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਂਦੇ ਸਮੇਂ ਵਿੱਚ ਡਰੈਗਨ ਬੋਟ ਖੇਡ ਓਲੰਪਿਕ ਖੇਡਾਂ ਦਾ ਹਿੱਸਾ ਬਣੇਗੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਖੇਡ ਦੀ ਪ੍ਰਫੁੱਲਤਾ ਲਈ ਹਰ ਸੰਭਵ ਉਪਰਾਲੇ ਕਰਨ ਦਾ ਵਿਸ਼ਵਾਸ ਦਿਵਾਇਆ।
ਖੇਡ ਮੰਤਰੀ ਨੇ ਇਸ ਮੌਕੇ ਵੱਖ-ਵੱਖ ਸੂਬਿਆਂ ਤੋਂ ਆਏ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦਾ ਪੰਜਾਬ ਦੀ ਰਾਜਧਾਨੀ ਵਿੱਚ ਆਉਣ ਉਤੇ ਸਵਾਗਤ ਕੀਤਾ। ਨੈਸ਼ਨਲ ਚੈਂਪੀਅਨਸ਼ਿਪ 9 ਤੋਂ 11 ਦਸੰਬਰ ਤੱਕ ਚੱਲੇਗੀ ਜਿਸ ਵਿੱਚ 17 ਸੂਬਿਆਂ ਦੇ 500 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ।
ਇਸ ਮੌਕੇ ਡਰੈਗਨ ਬੋਟ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਵਿਨੋਦ ਸ਼ਰਮਾ ਤੇ ਜਨਰਲ ਸਕੱਤਰ ਵਿਨੋਦ, ਰਾਜ ਕਮਲ ਢਾਂਡਾ, ਹਰਿਆਣਾ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਮਹੇਂਦਰ ਕੰਬੋਜ, ਪੰਜਾਬ ਡਰੈਗਨ ਬੋਟ ਐਸੋਸੀਏਸ਼ਨ ਦੇ ਸਕੱਤਰ ਕ੍ਰਿਸ਼ਨਾ ਅਤੇ ਪੰਜਾਬ ਰੋਇੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਬੀਰ ਸਿੰਘ ਵੀ ਹਾਜ਼ਰ ਸਨ।
————

LEAVE A REPLY

Please enter your comment!
Please enter your name here