*ਡਿਪਟੀ ਕਮਿਸ਼ਨਰ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੇ ਵਾਤਾਵਰਣ ਦੇ ਰਾਖੇ ਕਿਸਾਨਾਂ ਦਾ ਕੀਤਾ ਸਨਮਾਨ*

0
6

ਮਾਨਸਾ, 14 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) : ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਵਾਤਾਵਰਣ ਦੇ ਰਾਖੇ ਸਨਮਾਨ ਨਾਲ ਨਿਵਾਜ਼ਿਆ ਗਿਆ। ਇਹ ਸਨਮਾਨ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਭੇਂਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ. ਬੈਨਿਥ ਆਈ.ਏ.ਐਸ. ਅਤੇ ਮੁੱਖ ਖੇਤਬਾੜੀ ਅਫ਼ਸਰ ਡਾ. ਸਤਪਾਲ ਸਿੰਘ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ’ਚ ਵਿਸ਼ੇਸ਼ ਯੋਗਦਾਨ ਪਾ ਰਹੇ ਕਿਸਾਨ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦਾ ਪ੍ਰਬੰਧ ਕਰਕੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰੇ ਬਣ ਰਹੇ ਹਨ। ਉਨ੍ਹਾਂ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਸਮੂਹ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਦਿੱਤੇ ਸੁਝਾਵਾਂ ਮੁਤਾਬਿਕ ਇਸ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਰਾਲੀ ਨਾ ਸਾੜਨ ਨਾਲ ਜਿੱਥੇ ਕਿਸਾਨਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹੇਗੀ, ਉੱਥੇ ਹੀ ਅੱਗ ਲੱਗਣ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਅ ਹੋ ਸਕੇਗਾ।
ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਲਈ ਕਿਸਾਨ ਆਪਣੇ ਨੇੜੇ ਦੇ ਖੇਤੀਬਾੜੀ ਵਿਭਾਗ ਨਾਲ ਜਾਂ ਆਪਣੇ ਪਿੰਡ ਦੇ ਨੋਡਲ ਅਫਸਰ ਨਾਲ ਰਾਬਤਾ ਕਰਨ, ਉਹ ਕਿਸਾਨਾਂ ਨੂੰ ਮਸ਼ੀਨ ਕਿਰਾਏ ’ਤੇ ਲੈਣ ਵਿਚ ਮਾਰਗਦਰਸ਼ਨ ਕਰਣਗੇ। ਇਸਤੋਂ ਬਿਨ੍ਹਾਂ ਆਈ ਖੇਤ ਪੰਜਾਬ ਮੋਬਾਇਲ ਐਪ ਰਾਹੀਂ ਵੀ ਕਿਸਾਨ ਮਸ਼ੀਨਾਂ ਦੀ ਜਾਣਕਾਰੀ ਲੈ ਸਕਦੇ ਹਨ ਅਤੇ ਕਿਰਾਏ ’ਤੇ ਉਪਲਬੱਧ ਮਸ਼ੀਨਾਂ ਦੇ ਵੇਰਵੇ ਵੇਖ ਸਕਦੇ ਹਨ।
ਇਸ ਤੋਂ ਪਹਿਲਾਂ ਵਾਤਾਵਰਣ ਦੇ ਰਾਖੇ ਵੱਖ ਵੱਖ ਕਿਸਾਨਾਂ ਨੇ ਆਪਣੀਆਂ ਦਰਪੇਸ਼ ਸਮੱਸਿਆਵਾਂ ਬਾਰੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੂੰ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਵਿਭਾਗ ਅਤੇ ਸਰਕਾਰ ਪੱਧਰ ’ਤੇ ਉਨ੍ਹਾਂ ਦੀਆਂ ਜਾਇਜ਼ ਸਮੱਸਿਆਵਾਂ ਦਾ ਯੋਗ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸਨਰ ਵਿਕਾਸ ਸ੍ਰੀ ਟੀ. ਬੈਨਿਥ ਆਈ.ਏ.ਐਸ. ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ  ਜਾਗਰੂਕਤਾ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਕਿਹਾ।

LEAVE A REPLY

Please enter your comment!
Please enter your name here