ਸੂਏ ਵਾਲੇ ਪਾਣੀ ਚ ਧਾਰਮਿਕ ਸਮਗਰੀ ਅਤੇ ਪਲਾਸਟਿਕ ਦੇ ਲਿਫਾਫੇ ਆਦਿ ਸੁੱਟਣ ਤੋਂ ਗ਼ੁਰੇਜ਼ ਕਰਨ/ ਦੂਸ਼ਿਤ ਪਾਣੀ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੈ – ਸਮਾਜ ਸੇਵੀ ਸੰਜੀਵ ਪਿੰਕਾ

0
49

ਮਾਨਸਾ, 04 ਨਵੰਬਰ-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਮਾਨਸਾ ਸਾਇਕਲ ਗਰੁੱਪ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਨੂੰ ਸੂਏ ਵਾਲੇ ਪਾਣੀ ਚ ਧਾਰਮਿਕ ਸਮਗਰੀ ਅਤੇ ਪਲਾਸਟਿਕ ਦੇ ਲਿਫਾਫੇ ਆਦਿ ਸੁੱਟਣ ਤੋਂ ਗ਼ੁਰੇਜ਼ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਸ਼੍ਰੀ ਜੈ ਮਾਂ ਮੰਦਰ ਵਿਖੇ ਚੱਲ ਰਹੀ ਕੱਤਕ ਦੀ ਕਥਾ ਸੁਣਨ ਆਏ ਸ਼ਰਧਾਲੂਆਂ ਨੂੰ ਕਥਾ ਦੇ ਆਖਰੀ ਦਿਨ ਪਾਣੀ ਵਿੱਚ ਆਟੇ ਦੇ ਬਣੇ ਦੀਵੇ ਤੈਰਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਰੰਗਾਂ ਨਾਲ ਪੇਂਟ ਕੀਤੇ ਗਏ ਦੀਵੇ ਅਤੇ ਧਾਰਮਿਕ ਵਸਤਾਂ ਜਾਂ ਪ੍ਰਸ਼ਾਦ ਵਗੈਰਾ ਨੂੰ ਪਲਾਸਟਿਕ ਦੇ ਲਿਫਾਫਿਆਂ ਵਿਚ ਪਾ ਕੇ ਸੂਏ ਜਾਂ ਨਹਿਰਾਂ ਵਿੱਚ ਸੁੱਟਣ ਤੋਂ ਗ਼ੁਰੇਜ਼ ਕਰਨ ਲਈ ਜਾਗਰੂਕ ਕੀਤਾ ਗਿਆ।ਉਹਨਾਂ ਕਿਹਾ ਕਿ ਸਾਨੂੰ ਘਰਾਂ ਦਾ ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਇੱਕਠਾ ਕਰਕੇ ਰੇਹੜੀਆਂ ਵਿੱਚ ਪਾਉਣਾ ਚਾਹੀਦਾ ਹੈ ਤਾਂ ਕਿ ਇਹ ਕੂੜਾ ਹੋਰ ਚੰਗੀ ਤਰ੍ਹਾਂ ਅਲੱਗ ਅਲੱਗ ਕਰਕੇ ਖਤਮ ਕੀਤਾ ਜਾ ਸਕੇ।ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਪਲਾਸਟਿਕ ਜਾਂ ਕੈਮੀਕਲ ਯੁਕਤ ਰੰਗੀਨ ਧਾਰਮਿਕ ਫੋਟੋਆਂ ਪਾਣੀ ਨੂੰ ਜਹਿਰੀਲਾ ਕਰਕੇ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਕਾਰਨ ਬਣ ਜਾਂਦੀਆਂ ਹਨ ਕਿਉਂਕਿ ਇਹ ਕੈਮੀਕਲ ਪਾਣੀ ਵਿੱਚ ਘੁਲਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਪਾਣੀ ਵਿਚੋਂ ਨਿਕਲ ਨਹੀਂ ਸਕਦੇ ਜਿੱਥੇ ਇਹ ਪਾਣੀ ਚ ਰਹਿਣ ਵਾਲੇ ਜੀਵਾਂ ਜੰਤੂਆਂ ਦੀ ਮੌਤ ਦਾ ਕਾਰਨ ਬਣਦੇ ਹਨ ਉਸ ਦੇ ਨਾਲ ਹੀ ਇਹੀ ਪਾਣੀ ਵਾਟਰ ਵਰਕਸ ਰਾਹੀਂ ਲੋਕਾਂ ਦੇ ਘਰਾਂ ਵਿੱਚ ਜਾਂ ਕੇ ਕਾਲਾ ਪੀਲਿਆ ਅਤੇ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਕਾਰਨ ਬਣਦਾ ਹੈ।ਇਸ ਲਈ ਪਲਾਸਟਿਕ ਦੀਆਂ ਸਿੰਗਲ ਯੂਜ ਆਈਟਮਾਂ ਬਿੱਲਕੁਲ ਵੀ ਵਰਤੋਂ ਚ ਨਹੀਂ ਲਿਆਉਣੀਆਂ ਚਾਹੀਦੀਆਂ। ਇਸ ਮੌਕੇ ਮੰਦਰ ਕਮੇਟੀ ਡਾਕਟਰ ਜਨਕ ਰਾਜ ਸਿੰਗਲਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here