ਕਪੂਰਥਲਾ 15,ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼ ) : ਕਪੂਰਥਲਾ ‘ਚ ਬੀਤੇ ਮੰਗਲਵਾਰ ਨੂੰ ਅੰਮ੍ਰਿਤਸਰ ਰੋਡ ‘ਤੇ ਗੰਦੇ ਨਾਲੇ ‘ਚ ਡਿੱਗੇ ਅਭਿਲਾਸ਼ ਨਾਂ ਦੇ ਬੱਚੇ ਦੀ ਲਾਸ਼ ਸੋਮਵਾਰ ਸਵੇਰੇ ਉਸੇ ਡਰੇਨ ‘ਚੋਂ ਮਿਲੀ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਟੀਮ ਵੱਲੋਂ ਉਸੇ ਥਾਂ ’ਤੇ 72 ਘੰਟੇ ਬਚਾਅ ਮੁਹਿੰਮ ਚਲਾਈ ਗਈ। ਅਭਿਲਾਸ਼ ਦੇ ਮਿਲਣ ਦੀ ਪੁਸ਼ਟੀ ਕਰਦਿਆਂ ਐਸਪੀ ਡੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਭਾਜਪਾ ਆਗੂ ਪਵਨ ਧੀਰ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਉਸ ਸੜਕ ਤੋਂ ਜਾ ਰਹੇ ਸਨ ਤਾਂ ਅਚਾਨਕ ਇੱਕ ਬੱਚੇ ਦੀ ਲਾਸ਼ ਨਾਲੇ ‘ਚ ਡਿੱਗੀ ਦਿਖਾਈ ਦਿੱਤੀ। ਇਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ ਪਰ ਮੰਗਲਵਾਰ ਰਾਤ ਤੱਕ ਕੋਈ ਸੁਰਾਗ ਨਾ ਮਿਲਣ ਕਾਰਨ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ। ਐਨਡੀਆਰਐਫ ਦੀ ਟੀਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਲਗਾਤਾਰ 72 ਘੰਟੇ ਗੰਦੇ ਨਾਲੇ ਵਿੱਚ ਬਚਾਅ ਕਾਰਜ ਚਲਾ ਕੇ ਅਭਿਲਾਸ਼ ਦੀ ਭਾਲ ਕੀਤੀ ਪਰ ਜਦੋਂ ਕੋਈ ਸੁਰਾਗ ਨਾ ਮਿਲਿਆ ਤਾਂ ਐਨਡੀਆਰਐਫ ਦੀ ਟੀਮ ਤੀਜੇ ਦਿਨ ਵਾਪਸ ਪਰਤ ਗਈ। ਐਸਪੀ ਡੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਡਿੱਗਣ ਤੋਂ ਬਾਅਦ ਬੱਚਾ ਨਾਲੇ ਦੇ ਕਿਨਾਰੇ ਕਿਤੇ ਫਸ ਗਿਆ ਹੋ ਸਕਦਾ ਹੈ। ਇਸ ਲਈ ਬਚਾਅ ਟੀਮ ਉਸ ਨੂੰ ਲੱਭ ਨਹੀਂ ਸਕੀ। ਹੁਣ ਫੁੱਲਣ ਤੋਂ ਬਾਅਦ ਉਸ ਦੀ ਲਾਸ਼ ਉਪਰ ਆ ਗਈ ਹੈ। ਦੱਸ ਦੇਈਏ ਕਿ ਕਪੂਰਥਲਾ ਦੇ ਗੋਇੰਦਵਾਲ ਮਾਰਗ ‘ਤੇ 9 ਅਗਸਤ ਨੂੰ ਰੋਡ ‘ਤੇ ਗੰਦੇ ਨਾਲੇ ‘ਚ ਡਿੱਗੇ 2 ਸਾਲਾ ਅਭਿਲਾਸ਼ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ 1 ਕਿਲੋਮੀਟਰ ਦੂਰ ਇਕ ਨਾਲੇ ‘ਚੋਂ ਬਰਾਮਦ ਹੋਈ ਹੈ। ਜਦੋਂ ਬੱਚੇ ਦਾ ਪਤਾ ਚੱਲਿਆ ਤਾਂ ਮੌਕੇ ‘ਤੇ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ। ਇਸ ਦੌਰਾਨ ਬੱਚੇ ਨੂੰ ਇਸ ਹਾਲਤ ‘ਚ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ, ਫੌਜ ਅਤੇ ਐਨਡੀਆਰਐਫ ਦੀ ਟੀਮ ਨੇ ਕਰੀਬ 4 ਦਿਨਾਂ ਤੋਂ ਇਸ ਬੱਚੇ ਦੀ ਭਾਲ ਲਈ ਬਚਾਅ ਮੁਹਿੰਮ ਚਲਾ ਰਹੀ ਸੀ। ਜ਼ਿਲਾ ਪ੍ਰਸ਼ਾਸਨ ਨੇ ਬਚਾਅ ਕਾਰਜ ਚਲਾਕੇ ਪਰਵਾਸੀ ਪਰਿਵਾਰ ਦੇ ਬੱਚੇ ਨੂੰ ਲੱਭ ਲਿਆ ਹੈ | ਪੁਲਿਸ ਪ੍ਰਸ਼ਾਸਨ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਨੂੰ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।