ਲੁਧਿਆਣਾ 30,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਇਸ ਵਾਰ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ‘ਚ ਤਿਰੰਗਾ ਲਹਿਰਾਉਣਗੇ। ਇਸ ਦੇ ਲਈ ਸ਼ਹਿਰ ‘ਚ ਤਮਾਮ ਤਿਆਰੀਆਂ ਜਾਰੀ ਹਨ।ਲੁਧਿਆਣਾ ਨੂੰ ਪੁਲਿਸ ਵੱਲੋਂ ਅਲਰਟ ‘ਤੇ ਵੀ ਰੱਖਿਆ ਗਿਆ ਹੈ।ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ।ਇਸ ਦੌਰਾਨ ਥਾਣਿਆਂ ਦੇ ਬਾਹਰ ਬੰਕਰ ਵੀ ਬਣਾਏ ਗਏ ਹਨ।
ਖੂਫੀਆ ਏਜੰਸੀਆਂ ਵੱਲੋਂ ਵੀ ਅਲਰਟ ਦੀ ਗੱਲ ਕਹੀ ਜਾ ਰਹੀ ਹੈ। ਜਿਸ ਨੂੰ ਲੈ ਕੇ ਪੁਲਿਸ ਨੇ ਕੈਮਰਿਆਂ ਦੀ ਮਦਦ ਅਤੇ ਪੀਸੀਆਰ ਦਸਤੇ ਤੋਂ ਇਲਾਵਾ ਵੱਖ-ਵੱਖ ਪੁਲੀਸ ਦੀਆਂ ਟੁਕੜੀਆਂ ਇਲਾਕਿਆਂ ‘ਚ ਤਾਇਨਾਤ ਕੀਤੀ ਹਨ। ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਸਾਰੀਆਂ ਸਰਕਾਰੀ ਇਮਾਰਤਾਂ ਦੇ ਬਾਹਰ ਪੁਲਿਸ ਸਕਿਉਰਿਟੀ ਦੇ ਪ੍ਰਬੰਧ ਪੁਖਤਾ ਕਰ ਦਿੱਤੇ ਗਏ ਹਨ।
ਉਧਰ ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ 15 ਅਗਸਤ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਲੁਧਿਆਣਾ ਨੂੰ ਅਲਰਟ ਤੇ ਰੱਖਦੇ ਹੋਏ ਵੱਖ-ਵੱਖ ਜਗ੍ਹਾ ਤੇ ਚੈਕਿੰਗ ਅਭਿਆਨ ਅਤੇ ਪੁਲਿਸ ਸਟੇਸ਼ਨਾਂ ਦੇ ਬਾਹਰ ਨੈੱਟ ਵਾਲੇ ਜਾਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਰੁਟੀਨ ਮੁਹਿੰਮ ਹੈ ਅਤੇ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਸਾਰੇ ਇੰਤਜ਼ਾਮ ਪੁਖਤਾ ਕੀਤੇ ਜਾ ਰਹੇ ਹਨ।