*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜਬਾ ਹਲਕੇ ’ਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ*

0
15

ਰੋਗਲਾ/ਦਿੜਬਾ 30,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ )  ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਦਿੜਬਾ ਦੇ ਪਿੰਡ ਰੋਗਲਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ ਜਿਸ ਤਹਿਤ ਵਿਧਾਨ ਸਭਾ ਹਲਕੇ ਵਿੱਚ 50 ਹਜ਼ਾਰ ਰਵਾਇਤੀ ਬੂਟੇ ਅਤੇ 115 ਤ੍ਰਿਵੈਣੀ ਲਾਈਆਂ ਜਾਣਗੀਆਂ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਚੀਮਾ ਵੱਲੋਂ ਖ਼ੁਦ ਵੀ ਤ੍ਰਿਵੈਣੀ ’ਚ ਬੂਟੇ ਲਾਏ ਗਏ ਅਤੇ ਨਾਲ ਹੀ ਸਮਾਗਮ ’ਚ ਪਹੁੰਚੇ ਲੋਕਾਂ ਨੂੰ ਰਵਾਇਤੀ ਕਿਸਮਾਂ ਦੇ ਬੂਟਿਆਂ ਦੀ ਵੰਡ ਕੀਤੀ।

ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਇਨਾਂ ਦੀ ਸਹੀ ਸਾਂਭ-ਸੰਭਾਲ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੂਬੇ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਿਆ ਭਰਿਆ ਬਣਾਉਣ ਲਈ ਇਹ ਮੁਹਿੰਮ ਆਰੰਭੀ ਗਈ ਹੈ।

ਜਿਸ ਵਿਚ ਹਰੇਕ ਨਾਗਰਿਕ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਸਮਾਗਮ ਮੌਕੇ ਬੂਟੇ ਵੰਡਣ ਦੌਰਾਨ ਸ਼੍ਰੀ ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਵਿਅਕਤੀ ਕੋਲ ਬੂਟਾ ਲਾਉਣ ਲਈ ਨਿੱਜੀ ਥਾਂ ਉਪਲਬਧ ਨਾ ਹੋਵੇ, ਉਹ ਕਿਸੇ ਵੀ ਵਿਹਲੀ ਥਾਂ ਜਿਵੇਂ ਸੜਕ ਜਾਂ ਛੱਪੜ ਦੇ ਕਿਨਾਰੇ ਇੱਕ-ਇੱਕ ਬੂਟਾ ਜ਼ਰੂਰ ਲਾਵੇ ਤਾਂ ਜੋ ਵਾਤਾਵਰਨ ਨੂੰ ਆਉਣ ਵਾਲੀਆਂ ਪੀੜੀਆਂ ਦੇ ਸੁਖੀ ਜੀਵਨ ਲਈ ਸੰਭਾਲਿਆ ਜਾ ਸਕੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੌਗਿਰਦੇ ਨੂੰ ਹਰਿਆਵਲ ਭਰਪੂਰ ਬਣਾਉਣ ਦੀ ਇਹ ਮੁਹਿੰਮ ਲੋਕਾਂ ਦੀ ਸਰਗਰਮ ਸਮੂਲੀਅਤ ਨਾਲ ਹੀ ਸਫਲ ਹੋ ਸਕਦੀ ਹੈ। ਉਨਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਸੁਹਿਰਦ ਯਤਨ ਕਰਨ ਦੀ ਲੋੜ ਹੈ ਤਾਂ ਜੋ ਪਲੀਤ ਹੋ ਚੁੱਕੇ ਵਾਤਾਵਰਨ ਨੂੰ ਮੁੜ ਤੋਂ ਹਰਿਆਵਲ ਭਰਪੂਰ ਚੌਗਿਰਦਾ ਬਣਾ ਸਕੀਏ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਡੀ.ਐਫ਼.ਓ. ਮੋਨਿਕਾ ਯਾਦਵ, ਐਸ.ਡੀ.ਐਮ. ਦਿੜਬਾ ਰਾਜੇਸ਼ ਕੁਮਾਰ ਸ਼ਰਮਾ, ਡੀ.ਐਸ.ਪੀ. ਪਿ੍ਰਥਵੀ ਸਿੰਘ ਚਾਹਲ, ਤਹਿਸੀਲਦਾਰ ਜਿਨਸੂ ਬਾਂਸਲ, ਐਸ.ਐਚ.ਓ. ਗੁਰਪ੍ਰਤਾਪ ਸਿੰਘ, ਵਣ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਆਪ ਆਗੂ ਅਤੇ ਗ੍ਰਾਮ ਪੰਚਾਇਤ ਰੋਗਲਾ ਦੀਆਂ ਮੋਹਤਬਰ ਸਖਸ਼ੀਅਤਾਂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here