*1.24 ਕਰੋੜ ਰੁਪਏ ਦੇ ਗਬਨ ਦੇ ਦੋਸ਼ ‘ਚ ਸਹਿਕਾਰੀ ਬੈਂਕ ਦੇ ਦੋ ਅਧਿਕਾਰੀ ਗ੍ਰਿਫਤਾਰ*

0
87

ਚੰਡੀਗੜ੍ਹ, 29 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚਲਾਈ ਮੁਹਿੰਮ ਤਹਿਤ ਅੱਜ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿੱਚ 1,24,46,547 ਰੁਪਏ ਦੀ ਵਿੱਤੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਹਾਇਕ ਮੈਨੇਜਰ ਬਿਕਰਮਜੀਤ ਸਿੰਘ ਅਤੇ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਨੂੰ ਪ੍ਰਾਪਤ ਹੋਈ ਸ਼ਿਕਾਇਤ ਦੀ ਗਹਿਨ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਬਿਕਰਮਜੀਤ ਸਿੰਘ ਨੇ ਸਾਲ 2011 ਤੋਂ 2016 ਤੱਕ ਬੈਂਕ ਵਿੱਚ ਆਪਣੀ ਤਾਇਨਾਤੀ ਦੌਰਾਨ ਬੈਂਕ ਮੈਨੇਜਰਾਂ ਅਤੇ ਬੈਂਕ ਦੇ ਹੋਰ ਕਰਮਚਾਰੀਆਂ ਦੇ ਖਾਤਿਆਂ ਦੇ ਆਈ.ਡੀਜ਼, ਪਾਸਵਰਡ ਅਤੇ ਹੋਰ ਵੇਰਵਿਆਂ ਦੀ ਦੁਰਵਰਤੋਂ ਕਰਕੇ ਵੱਡੀ ਰਕਮ ਦਾ ਘਪਲਾ ਕੀਤਾ ਸੀ।

ਉਹਨਾਂ ਦੱਸਿਆ ਕਿ ਦੋਸ਼ੀ ਮੈਨੇਜਰ ਨੂੰ ਵੱਖ-ਵੱਖ ਬੈਂਕਾਂ ਤੋਂ ਇਨਵਾਰਡ ਚੈੱਕਾਂ ਦੀ ਕਲੀਅਰੈਂਸ/ਡਰਾਫਟ ਰਕਮ ਟਰਾਂਸਫਰ ਕਰਨ ਅਤੇ ਸਟੇਟ ਕੋਆਪ੍ਰੇਟਿਵ ਬੈਂਕ ਦੇ ਚਾਲੂ ਖਾਤਿਆਂ ਦੇ ਮਿਲਾਨ ਲਈ ਤਾਇਨਾਤ ਕੀਤਾ ਗਿਆ ਸੀ।

ਉਹਨਾਂ ਦੋਸ਼ ਲਾਇਆ ਕਿ ਮੁਲਜ਼ਮ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਕੇ ਧੋਖਾਧੜੀ ਵਾਲੇ ਪੈਸੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਸਨ ਅਤੇ ਅਜਿਹੇ ਖਾਤਿਆਂ ਵਿੱਚ ਪੈਸੇ ਭੇਜ ਕੇ ਦੋਸ਼ੀ ਵੱਲੋਂ ਕੁੱਲ 1,24,46,547 ਰੁਪਏ ਦਾ ਵਿੱਤੀ ਘਪਲਾ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਦੋ ਸਾਲ ਪਹਿਲਾਂ ਸਹਿਕਾਰੀ ਬੈਂਕ ਵੱਲੋਂ ਕੀਤੀ ਗਈ ਅੰਦਰੂਨੀ ਜਾਂਚ ਵਿੱਚ ਵੀ ਬਿਕਰਮਜੀਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਨੇ ਸਾਲ 2011 ਤੋਂ 2016 ਤੱਕ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਤੋਂ ਇਲਾਵਾ ਹੋਰ ਕਰਮਚਾਰੀਆਂ ਦੀ ਆਈ.ਡੀ. ਅਤੇ ਪਾਸਵਰਡ ਦੀ ਵਰਤੋਂ ਕੀਤੀ। ਪਰ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨੇ ਜ਼ਿਆਦਾਤਰ ਅਸ਼ੋਕ ਸਿੰਘ ਮਾਨ ਦੀ ਆਈ.ਡੀ. ਅਤੇ ਪਾਸਵਰਡ ਦੀ ਵਰਤੋਂ ਕੀਤੀ ਪਰ ਅਸ਼ੋਕ ਸਿੰਘ ਮਾਨ ਨੇ ਕਦੇ ਵੀ ਬੈਂਕ ਅਤੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ। ਇਸ ਲਈ ਵਿੱਤੀ ਧੋਖਾਧੜੀ ਵਿਚ ਮਿਲੀਭੁਗਤ ਦੇ ਦੋਸ਼ ਤਹਿਤ ਉਸ ਨੂੰ ਵੀ ਮਿਲੀਭੁਗਤ ਕਰਕੇ ਮੁਕੱਦਮੇ ਵਿੱਚ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੋਵਾਂ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਅਤੇ 13 (2) ਅਤੇ ਆਈ.ਪੀ.ਸੀ. ਦੀ ਧਾਰਾ 420, 409, 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here