*ਮਨਪ੍ਰੀਤ ਇਯਾਲੀ ਦੇ ਬਾਗੀ ਸੁਰਾਂ ਮਗਰੋਂ ਅਕਾਲੀ ਦਲ ਅੰਦਰ ਧਮਾਕਾ, ਸੀਨੀਅਰ ਲੀਡਰਸ਼ਿਪ ਫੌਰੀ ਚੌਕਸ*

0
153

ਚੰਡੀਗੜ੍ਹ 19,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਅਕਾਲੀ ਵਿਧਾਇਕ ਮਨਪ੍ਰੀਤ ਇਯਾਲੀ ਦੇ ਬਾਗੀ ਸੁਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡਾ ਧਮਾਕਾ ਕੀਤਾ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਫੌਰੀ ਚੌਕਸ ਹੋ ਗਈ ਹੈ। ਅਗਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਦਰ ਹੋਰ ਹਿੱਲਜੁੱਲ ਦੇ ਆਸਾਰ ਹਨ। ਚਰਚਾ ਹੈ ਕਿ ਕੁਝ ਹੋਰ ਲੀਡਰ ਵੀ ਖੁੱਲ੍ਹ ਕੇ ਸਾਹਮਣੇ ਆ ਸਕਦੇ ਹਨ ਜਿਸ ਨਾਲ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਰਾਸ਼ਟਰਪਤੀ ਚੋਣਾਂ ਦਾ ਬਾਈਕਾਟ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਰਾਸ਼ਟਰਪਤੀ ਚੋਣਾਂ ਲਈ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਹਮਾਇਤ ਦਾ ਫੈਸਲਾ ਕੀਤਾ ਸੀ। ਵਿਧਾਇਕ ਇਯਾਲੀ ਨੇ ਕੋਰ ਕਮੇਟੀ ਦੇ ਫੈਸਲੇ ਨੂੰ ਮੰਨਣ ਦੀ ਥਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਨੂੰ ਤਰਜੀਹ ਦਿੱਤੀ।

ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਨਾਲ ਅੰਦਰੋਂ-ਅੰਦਰੀ ਨੇੜਤਾ ਵਧਾਉਣ ਤੋਂ ਇਯਾਲੀ ਔਖ ਵਿਚ ਹਨ ਤੇ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਤੋਂ ਕੋਈ ਸਬਕ ਨਾ ਸਿੱਖਣ ਕਰਕੇ ਪਾਰਟੀ ਵਿਧਾਇਕ ਨੇ ਇਹ ਕਦਮ ਚੁੱਕਿਆ ਹੈ। ਇਯਾਲੀ ਦੇ ਇਨ੍ਹਾਂ ਤੇਵਰਾਂ ਮਗਰੋਂ ਹੁਣ ਪਾਰਟੀ ਲੀਡਰਸ਼ਿਪ ਨੂੰ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਰਾਹ ਵੀ ਪੈਣਾ ਪੈ ਸਕਦਾ ਹੈ। ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਮਨਪ੍ਰੀਤ ਇਯਾਲੀ ਵੱਲੋਂ ਮਿਲੇ ਸੁਝਾਵਾਂ ਦਾ ਸਵਾਗਤ ਕੀਤਾ ਸੀ।

ਦਰਅਸਲ ਸਿਆਸੀ ਹਲਕੇ ਮਨਪ੍ਰੀਤ ਇਯਾਲੀ ਦੇ ਇਸ ਫੈਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਦੇ ਮੁੱਢ ਵਜੋਂ ਦੇਖ ਰਹੇ ਹਨ। 2022 ਦੀਆਂ ਪੰਜਾਬ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹਾਰ ਮਗਰੋਂ ਪਾਰਟੀ ਨੇ ਇਸ ਦੀ ਸਮੀਖਿਆ ਲਈ ਝੂੰਦਾਂ ਕਮੇਟੀ ਦਾ ਗਠਨ ਕੀਤਾ ਸੀ। ਪਾਰਟੀ ਨੇ ਹਾਲਾਂਕਿ ਅਜੇ ਤੱਕ ਇਸ ਕਮੇਟੀ ਦੀ ਰਿਪੋਰਟ ’ਤੇ ਕੋਈ ਚਰਚਾ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਈ ਵਿਧਾਇਕ ਇਯਾਲੀ ਦਾ ਇਹ ਪੈਂਤੜਾ ਇੱਕ ਨਵੀਂ ਚੁਣੌਤੀ ਬਣ ਗਿਆ ਹੈ।

LEAVE A REPLY

Please enter your comment!
Please enter your name here