*ਅਗਸਤ ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕਰਨ ਦੀ ਤਿਆਰੀ, ਉਲੰਘਣਾ ਕਰਨ ‘ਤੇ ਲੱਗੇਗਾ ਇੰਨਾ ਜੁਰਮਾਨਾ, ਮੰਤਰੀ ਨੇ ਜਤਾਇਆ ਵਿਰੋਧ*

0
176

ਚੰਡੀਗੜ੍ਹ 18 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) :  ਪੰਜਾਬ ਵਿੱਚ ਅਗਸਤ ਤੋਂ ਨਵੇਂ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਟ੍ਰੈਫਿਕ ਪੁਲਿਸ ਵੱਲੋਂ ਓਵਰ ਸਪੀਡ ਅਤੇ ਸ਼ਰਾਬੀ ਡਰਾਈਵ ‘ਤੇ ਨਕੇਲ ਕੱਸਣ ਲਈ ਲੋੜੀਂਦੇ ਸਾਜੋ ਸਮਾਨ ਦੀ ਖਰੀਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ 203 ਅਲਕੋਮੀਟਰ ਅਤੇ 350 ਸਬੰਧਤ ਕਿੱਟਾਂ ਤੋਂ ਇਲਾਵਾ 66 ਸਪੀਡੋ ਮੀਟਰ ਵੀ ਖਰੀਦੇ ਜਾਣਗੇ।  ਮਾਲ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਪੰਜਾਬ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜੁਰਮਾਨੇ ਵਧਾਉਣ ਦੇ ਫੈਸਲੇ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਉਹ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਜੁਰਮਾਨੇ ਦੀ ਰਕਮ ਦੁੱਗਣੀ ਕਰਨ ਦੇ ਹੱਕ ਵਿੱਚ ਨਹੀਂ ਹਨ। ਸਰਕਾਰ ਨੂੰ ਇਸ ਨੂੰ ਬਦਲਣਾ ਚਾਹੀਦਾ ਹੈ। ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ਨੂੰ ਸਿਖਲਾਈ ਦੇਣ ਦੀ ਲੋੜ ਹੈ, ਉਨ੍ਹਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਹੈ ਕਿ ਜਿੰਨਾ ਜੁਰਮਾਨਾ ਭਰਨਾ ਹੁੰਦਾ ਹੈ, ਓਨੇ ਦਾ ਤਾਂ ਵਾਹਨ ਹੀ ਹੁੰਦਾ ਹੈ, ਇਸ ਲਈ ਲੋਕਾਂ ਨੂੰ ਦੂਸਰਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਜ਼ਬਤ ਕਰਨ ਦੀ ਪ੍ਰਕਿਰਿਆ ਸਹੀ ਹੈ ਪਰ ਜੁਰਮਾਨੇ ਦੀ ਮੋਟੀ ਰਕਮ ਜਾਇਜ਼ ਨਹੀਂ ਹੈ। ਇਸ ਨਾਲ ਆਮ ਆਦਮੀ ਪਰੇਸ਼ਾਨ ਹੋਵੇਗਾ। ਜੁਰਮਾਨੇ ਦੀ ਰਕਮ ਅਦਾ ਕਰਨ ਲਈ ਲੋਕਾਂ ਨੂੰ ਕਰਜ਼ਾ ਵੀ ਲੈਣਾ ਪੈ ਸਕਦਾ ਹੈ। ਇਹ ਉਚਿਤ ਨਹੀਂ ਹੋਵੇਗਾ।

ਤਿਆਰ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੀ ਟੀਮ  
ਏਡੀਜੀਪੀ ਟਰੈਫਿਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੇ 422 ਥਾਣਾ ਖੇਤਰਾਂ ਵਿੱਚ ਟ੍ਰੈਫਿਕ ਨਾਕੇਬੰਦੀ ਕਰਨ ਲਈ 81 ਏਐਸਆਈ ਰੈਂਕ ਦੇ ਅਧਿਕਾਰੀਆਂ ਦੀ ਟੀਮ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਡੀਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਬਣਾਇਆ ਜਾ ਰਿਹਾ ਹੈ, ਜੋ ਟਰੈਫ਼ਿਕ ਚਲਾਨਾਂ ਦਾ ਰਿਕਾਰਡ ਰੱਖਣਗੇ।

ਵਰਨਣਯੋਗ ਹੈ ਕਿ 2019 ਵਿੱਚ ਤਤਕਾਲੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਟ੍ਰੈਫਿਕ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ‘ਤੇ ਪੰਜਾਬ ਲਈ ਟ੍ਰੈਫਿਕ ਨਿਯਮਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਹੁਣ ਇਸੇ ਨੋਟੀਫਿਕੇਸ਼ਨ ਵਿੱਚ ਸੋਧ ਕਰਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਓਵਰ ਸਪੀਡ ਦੇ ਮਾਮਲਿਆਂ ਵਿੱਚ ਜੁਰਮਾਨੇ ਦੀ ਰਕਮ ਦੁੱਗਣੀ ਕਰ ਦਿੱਤੀ ਗਈ ਹੈ। ਪੰਜਾਬ ਪੁਲਿਸ ਵੱਲੋਂ ਸੋਧਿਆ ਹੋਇਆ ਨੋਟੀਫਿਕੇਸ਼ਨ ਸੂਬਾ ਸਰਕਾਰ ਦੀ ਪ੍ਰਵਾਨਗੀ ਲਈ ਮੁੱਖ ਮੰਤਰੀ ਨੂੰ ਭੇਜ ਦਿੱਤਾ ਗਿਆ ਹੈ। ਸਰਕਾਰ ਛੇਤੀ ਹੀ ਇਸ ਨੂੰ ਲਾਗੂ ਕਰਨ ਦਾ ਐਲਾਨ ਕਰ ਸਕਦੀ ਹੈ।

ਜੁਰਮਾਨਾ ਵਧਾਉਣ ਦੀ ਤਿਆਰੀ
ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ ਪਹਿਲੀ ਵਾਰ 5 ਹਜ਼ਾਰ ਅਤੇ ਦੂਜੀ ਵਾਰ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ, ਨਾਲ ਹੀ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਸਸਪੈਂਡ ਕੀਤਾ ਜਾਵੇਗਾ।  
ਪਹਿਲੀ ਵਾਰ 1000 ਜੁਰਮਾਨਾ ਅਤੇ ਦੂਜੀ ਵਾਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ‘ਤੇ 2000 ਜੁਰਮਾਨਾ ਪਰ ਦੋਵੇਂ ਵਾਰ ਲਾਈਸੈਂਸ 3 ਮਹੀਨਿਆਂ ਲਈ ਸਸਪੈਂਡ ਕੀਤਾ ਜਾਵੇਗਾ। 
ਪਹਿਲੀ ਵਾਰ 1000 ਅਤੇ ਦੂਜੀ ਵਾਰ ਟ੍ਰੈਫਿਕ ਸਿਗਨਲ ਨੂੰ ਜੰਪ ਕਰਨ ‘ਤੇ 2000 ਜੁਰਮਾਨਾ, ਨਾਲ ਹੀ 3-3 ਮਹੀਨਿਆਂ ਲਈ ਲਾਇਸੈਂਸ ਸਸਪੈਂਡ ਕੀਤਾ ਜਾਵੇਗਾ।
ਪਹਿਲੀ ਵਾਰ 5000 ਅਤੇ ਦੂਜੀ ਵਾਰ 10000 ਜੁਰਮਾਨਾ, ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਕਰਨ ‘ਤੇ ਤਿੰਨ ਮਹੀਨਿਆਂ ਲਈ ਲਾਇਸੈਂਸ ਸਸਪੈਂਡ ਕੀਤਾ ਜਾਵੇਗਾ।ਦੋ ਪਹੀਆ ਵਾਹਨ ‘ਤੇ ਤਿੰਨ ਸਵਾਰੀਆਂ ਲਈ ਪਹਿਲੀ ਵਾਰ ਜੁਰਮਾਨਾ 1000 ਰੁਪਏ ਅਤੇ ਦੂਜੀ ਵਾਰ 2000 ਰੁਪਏ ਜੁਰਮਾਨਾ ਹੈ।

LEAVE A REPLY

Please enter your comment!
Please enter your name here