ਚੰਡੀਗੜ੍ਹ 18 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਤੋਂ ਹਾਲ ਹੀ ਵਿੱਚ ਰਾਜ ਸਭਾ ਦੇ ਚੁਣੇ ਗਏ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਅਤੇ ਸਨ ਫਾਊਂਡੇਸ਼ਨ ਦੇ ਪ੍ਰਧਾਨ ਪਦਮਸ਼੍ਰੀ ਨੇ ਅੱਜ ਸੰਸਦ ਵਿੱਚ ਆਪਣੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਸਾਹਨੀ ਨੇ ਪੰਜਾਬੀ ਵਿੱਚ ਸਹੁੰ ਚੁੱਕੀ। ਇਸ ਤੋਂ ਪਹਿਲਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕੀਰਤਨ ਅਤੇ ਅਰਦਾਸ ਕੀਤੀ ਗਈ ,ਜਿੱਥੇ 5000 ਤੋਂ ਵੱਧ ਸੰਗਤਾਂ ਵੀ ਸਾਹਨੀ ਨੂੰ ਵਧਾਈ ਦੇਣ ਲਈ ਪੁੱਜੀਆਂ।
ਇਸ ਮੌਕੇ ਵਿਕਰਮ ਸਾਹਨੀ ਨੇ ਐਲਾਨ ਕੀਤਾ ਕਿ ਉਹ ਆਪਣੇ 6 ਸਾਲਾਂ ਦੇ ਕਾਰਜਕਾਲ ਦੌਰਾਨ ਆਪਣੀਆਂ ਸਾਰੀਆਂ ਤਨਖਾਹਾਂ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਪੰਜਾਬੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਦਾਨ ਕਰਨਗੇ। ਸਾਹਨੀ ਨੇ ‘ਪੰਜਾਬ ਐਜੂਕੇਸ਼ਨ ਫੰਡ’ ਵੀ ਸ਼ੁਰੂ ਕੀਤਾ ਸੀ ਅਤੇ ਇਸ ਵਿੱਚ ਜਾਣ ਵਾਲੀ ਉਨ੍ਹਾਂ ਦੀ ਤਨਖਾਹ ਅਤੇ ਭੱਤਿਆਂ ਦੀ ਰਾਸ਼ੀ 32 ਲੱਖ ਪ੍ਰਤੀ ਸਾਲ ਅਤੇ 6 ਸਾਲਾਂ ਵਿੱਚ ਕਰੀਬ 2 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਫੰਡ ਲਈ ਕਦੇ ਵੀ ਕੋਈ ਕਮੀ ਨਹੀਂ ਆਉਣ ਦੇਣਗੇ। ਦੱਸ ਦੇਈਏ ਕਿ ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਪਹਿਲਾ ਦਿਨ ਹੈ। ਇਸ ਦੌਰਾਨ ਅੱਜ ਸੈਸ਼ਨ ਦੇ ਪਹਿਲੇ ਦਿਨ ਨਵੇਂ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ। ਇਸ ਦੇ ਨਾਲ ਹੀ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਕ੍ਰਿਕਟਰ ਹਰਭਜਨ ਸਿੰਘ (Harbhajan Singh) ਨੇ ਵੀ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਹੈ। ‘ਸਨ ਗਰੁੱਪ’ ਦੇ ਸੰਸਥਾਪਕ ਅਤੇ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ ਕੋਟਕਪੂਰਾ ਦੇ ਜੰਮਪਲ ਹਨ ਅਤੇ 20 ਫਰਵਰੀ 1962 ਨੂੰ ਉਨ੍ਹਾਂ ਦਾ ਜਨਮ ਕੋਟਕਪੂਰੇ ਵਿਖੇ ਹੋਇਆ ਪਰ ਹੁਣ ਉਨ੍ਹਾਂ ਦਾ ਨਾਮ ਦਿੱਲੀ ਸਮੇਤ ਸਮੁੱਚੇ ਦੇਸ਼ ਦੇ ਉੱਘੇ ਕਾਰੋਬਾਰੀਆਂ ਅਤੇ ਸਮਾਜਸੇਵੀਆਂ ਵਿਚ ਸ਼ਾਮਲ ਹੈ। ਵਿਕਰਮਜੀਤ ਸਿੰਘ ਸਾਹਨੀ ਨੇ ਸਾਲ 1992 ਵਿਚ ਦਿੱਲੀ ਵਿਖੇ ਇੰਟਰਨੈਸ਼ਨਲ ‘ਸਨ ਗਰੁੱਪ’ ਦੀ ਫਲੈਗਸ਼ਿਪ ਕੰਪਨੀ ਦੀ ਸਥਾਪਨਾ ਕੀਤੀ, ਜਿਸ ਨੂੰ ਆਧੁਨਿਕ ਪ੍ਰਬੰਧਨ ਪ੍ਰਣਾਲੀਆਂ ਅਤੇ ਪੇਸ਼ੇਵਰ ਤੌਰ ’ਤੇ ਚਲਾਇਆ ਜਾਂਦਾ ਹੈ। ਗਰੁੱਪ ਦਾ ਮੁੱਖ ਸੰਚਾਲਨ ਖੇਤਰ ਖਾਦ ਕੱਚਾ ਮਾਲ, ਵਿਚਕਾਰਲਾ ਅਤੇ ਤਿਆਰ ਖਾਦ ਦਾ ਵਪਾਰ ਹੈ, ਕੰਪਨੀ ਵੱਲੋਂ ਸਾਲਾਨਾ ਚਾਰ ਮਿਲੀਅਨ ਟਨ ਖਾਦ ਅਤੇ ਹੋਰ ਵਸਤੂਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਨ ਇੰਟਰਨੈਸ਼ਨਲ ਕੰਪਨੀ’ ਭਾਰਤ ਦੀਆਂ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਤੇ ਕਾਰਗੋ ਦੇ ਪ੍ਰਬੰਧਨ ਤੋਂ ਲੈ ਕੇ ਬੈਗਿੰਗ ਅਤੇ ਅੰਦਰੂਨੀ ਸਪੁਰਦਗੀ ਤੱਕ ਵੱਖ-ਵੱਖ ਬੰਦਰਗਾਹ ਸੰਚਾਲਨ ਲਈ ਸਹਿਯੋਗੀ ਵੀ ਹੈ। ਸਮਾਜਸੇਵਾ ਅਤੇ ਦੇਸ਼ ਪ੍ਰਤੀ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦੇਣ ਲਈ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੱਲੋਂ ਉਨ੍ਹਾਂ 2008 ਵਿਚ ਪਦਮਸ਼੍ਰੀ ਦਾ ਇਕ ਸਰਬਉੱਚ ਨਾਗਰਿਕ ਸਨਮਾਨ ਪ੍ਰਦਾਨ ਕੀਤਾ ਗਿਆ। ਸਾਹਨੀ ਦੱਖਣੀ ਅਫਰੀਕਾ, ਬ੍ਕਿਸ, ਯੂਏਈ, ਯੂਕੇ ਅਤੇ ਸਾਰਕ ਦੇਸ਼ਾਂ ਦੇ ਭਾਰਤੀ ਪ੍ਰਧਾਨ ਮੰਤਰੀ, ਵਣਜ ਮੰਤਰੀ ਅਤੇ ਵਿੱਤ ਮੰਤਰੀ ਦੇ ਵਫਦ ਦੇ ਨਿਯਮਤ ਮੈਂਬਰ ਵੀ ਰਹੇ ਹਨ ਅਤੇ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵੀ ਹਨ। ਵਿਕਰਮਜੀਤ ਸਿੰਘ ਸਾਹਨੀ ਦੀ ਪ੍ਰਧਾਨਗੀ ਹੇਠ ‘ਸਨ ਫਾਊਂਡੇਸ਼ਨ’ ਮਨੁੱਖਤਾ ਦੀ ਭਲਾਈ ਲਈ ਇਕ ਚੈਰੀਟੇਬਲ ਸੰਸਥਾ ਭਾਰਤ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਲਗਭਗ 20 ਕੇਂਦਰ ਚਲਾ ਰਹੀ ਹੈ। ਜੋ ਕਿ ਗਰੀਬ ਅਤੇ ਵੱਖੋ ਵੱਖਰੇ ਤੌਰ ’ਤੇ ਸਮਰੱਥ ਨੌਜਵਾਨਾਂ ਨੂੰ ਮੁਫਤ ਕਿੱਤਾਮੁਖੀ ਸਿਖਲਾਈ ਪ੍ਰਦਾਨ ਕਰ ਰਹੀ ਹੈ।