27 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼): ਮੌਨਸੂਨ ਹੌਲੀ-ਹੌਲੀ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ‘ਚ ਦਸਤਕ ਦੇ ਰਿਹਾ ਹੈ ਤੇ ਹੁਣ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੀ ਦਹਿਲੀਜ਼ ‘ਤੇ ਵੀ ਪਹੁੰਚ ਚੁੱਕਿਆ ਹੈ। ਸ਼ਿਮਲਾ ਸਮੇਤ ਸੂਬੇ ਭਰ ‘ਚ ਬਾਰਸ਼ ਸ਼ੁਰੂ ਹੋ ਗਈ ਹੈ।
ਤਾਜ਼ਾ ਬਾਰਸ਼ ਨੂੰ ਮਾਨਸੂਨ ਦੀ ਬਾਰਸ਼ ਵਜੋਂ ਦੇਖਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਚਾਰ-ਪੰਜ ਦਿਨਾਂ ਲਈ ਮੌਸਮ ਖ਼ਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਜਦਕਿ 29 ਤੇ 30 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਹਾਲ ਹੀ ‘ਚ ਮੌਸਮ ‘ਚ ਆਏ ਬਦਲਾਅ ਕਾਰਨ ਮੈਦਾਨੀ ਇਲਾਕਿਆਂ ‘ਚ ਕੁਝ ਰਾਹਤ ਮਿਲੀ ਹੈ ਪਰ ਹੁੰਮਸ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ਼ਿਮਲਾ ਦੇ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪੌਲ ਨੇ ਦੱਸਿਆ ਕਿ ਮਾਨਸੂਨ ਇੱਕ-ਦੋ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਪਹੁੰਚ ਜਾਵੇਗਾ, ਇਹ ਮਾਨਸੂਨ ਦੇ ਸ਼ੁਰੂ ਹੋਣ ਦਾ ਸੰਕੇਤ ਹੈ। ਜਦਕਿ 29-30 ਜੂਨ ਤੇ 1 ਜੁਲਾਈ ਨੂੰ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਮਾਨਸੂਨ ਆਮ ਵਾਂਗ ਰਹਿਣ ਦੀ ਉਮੀਦ ਹੈ। ਹਾਲਾਂਕਿ ਮੀਂਹ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਹੈ ਤੇ ਤਾਪਮਾਨ ਵੀ ਡਿੱਗ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਸੈਲਾਨੀਆਂ ਅਤੇ ਲੋਕਾਂ ਨੂੰ ਨਦੀ ਦੇ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।