ਮਾਨਸਾ 17 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਜਿਲ੍ਹੇ ਵਿੱਚ ਅਗੇਤੀ ਬੀਜੀ ਨਰਮੇ ਦੀ ਫਸਲ ਉਪਰ ਗੁਲਾਬੀ ਸੁੰਡੀ ਦੇ ਹਮਲੇ ਦੀਆਂ ਰਿਪੋਰਟਾਂ ਆ ਰਹੀਆਂ ਹਨ। ਇਹ ਕਿ ਪਿਛਲੇ ਕੁੱਝ ਦਿਨਾਂ ਵਿੱਚ ਮਾਨਸਾ ਦੇ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਤਕਰੀਬਨ 50 ਦਿਨ ਪਹਿਲਾਂ ਬੀਜੇ ਨਰਮੇ ਉਪਰ ਲੱਗੇ ਕੁੱਝ ਫੁੱਲਾਂ ਉਪਰ ਗੁਲਾਬੀ ਸੁੰਡੀ ਦੀ ਵੀਡੀਓ ਚੱਲ ਰਹੀ ਸੀ। ਇਸ ਵੀਡੀਓ ਦੀ ਪੜਤਾਲ ਕਰਕੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਵੀਡੀਓ ਬਨਾਉਣ ਵਾਲੇ ਕਿਸਾਨ ਜ਼ੋ ਕਿ ਪਿੰਡ ਰਮਦਿੱਤਵਾਲਾ ਦਾ ਹੈ ਜਿਸਦਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਪਿਤਾ ਦਾ ਨਾਮ ਰਾਓਬਿੰਦਰ ਸਿੰਘ ਹੈ ਦੇ ਖੇਤ ਦਾ ਦੌਰਾ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਅਤੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਕੀਤਾ ਗਿਆ। ਇਸ ਖੇਤ ਵਿੱਚ ਗੁਰਪ੍ਰੀਤ ਸਿੰਘ ਵੱਲੋਂ 1 ਏਕੜ ਨਰਮਾਂ ਰਾਸ਼ੀ 773 ਅਤੇ ਯੂਐਸ 71 ਆਪਣੇ ਆੜ੍ਹਤੀਏ ਤਰਸੇਮ ਚੰਦ ਕੱਦੂ ਦੀ ਦੁਕਾਨ ਨੰਬਰ 33 ਮਾਨਸਾ ਤੋਂ ਲੈ ਕੇ ਬੀਜਿਆ ਸੀ। ਇਹ ਨਰਮਾਂ ਤਕਰੀਬਨ 20 ਅਪ੍ਰੈਲ ਨੂੰ ਬੀਜਿਆ ਗਿਆ ਸੀ। ਅਗੇਤਾ ਨਰਮਾ ਹੋਣ ਕਾਰਣ ਅਤੇ ਗਰਮੀ ਹੋਣ ਕਾਰਣ ਇਸ ਨਰਮੇ ਨੂੰ ਫੁੱਲ ਲੱਗਣੇ ਸ਼ੁਰੂ ਹੋਏ ਹਨ ਪਰ ਜਦ ਇੰਨ੍ਹਾਂ ਫੁੱਲਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਚੈਕ ਕੀਤਾ ਗਿਆ ਤਾਂ ਅੱਧੇ ਤੋਂ ਵੱਧ ਫੁੱਲਾਂ ਵਿੱਚ ਗੁਲਾਬੀ ਸੰੁਡੀ ਦਾ ਹਮਲਾ ਵੇਖਿਆ ਗਿਆ। ਇਸ ਕਿਸਾਨ ਵਲੋਂ ਇਸ ਸਬੰਧੀ ਵੀਡੀਓ ਬਣਾ
ਕੇ ਆਪਣੇ ਪਿੰਡ ਅਤੇ ਮਾਨਸਾ ਦੇ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਪਾਈ ਗਈ ਤਾਂ ਜ਼ੋ ਖੇਤੀਬਾੜੀ ਮਹਿਕਮੇ ਨੂੰ ਇਸਦਾ ਪਤਾ ਲੱਗ ਸਕੇ ਅਤੇ ਖੇਤੀਬਾੜੀ ਮਹਿਕਮਾ ਇਸ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਸੁਝਾਓ ਦੇ ਸਕੇ। ਪਰ ਅਜੇ ਤੱਕ ਖੇਤੀਬਾੜੀ ਮਹਿਕਮੇ ਵੱਲੋਂ ਇਸ ਸਬੰਧੀ ਕੋਈ ਜਰੂਰੀ ਕਦਮ ਨਹੀਂ ਚੁੱਕੇ ਗਏ ਹਨ। ਅੱਜ ਪਿੰਡ ਦੇ ਸਰਪੰਚ, ਸਾਬਕਾ ਸਰਪੰਚ ਅਤੇ ਪਿੰਡ ਦੇ ਹੋਰ ਕਿਸਾਨਾਂ ਵੱਲੋਂ ਇਹ ਮਸਲਾ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੂੰ ਦੱਸਿਆ ਜਿਸਤੇ ਉਨ੍ਹਾਂ ਵੱਲੋਂ ਇਸ ਮਸਲੇ ਨੂੰ ਤੁਰੰਤ ਸਰਕਾਰ, ਪ੍ਰਸ਼ਾਸਨ ਅਤੇ ਖੇਤੀਬਾੜੀ ਮਹਿਕਮੇ ਦੇ ਧਿਆਨ ਵਿੱਚ ਮੀਡੀਆ ਰਾਹੀਂ ਅਤੇ ਲਿਖਤੀ ਤੌਰ ’ਤੇ ਲਿਆਉਣ ਬਾਰੇ ਕਿਹਾ ਗਿਆ। ਉਨ੍ਹਾਂ ਕਿਹਾ ਕਿ ਅਜੇ ਵੀ ਸਮਾਂ ਰਹਿੰਦਾ ਹੈ ਪੰਜਾਬ ਸਰਕਾਰ ਇਸ ਸੁੰਡੀ ਦੇ ਹਮਲੇ ਬਾਰੇ ਖੇਤੀਬਾੜੀ ਮਾਹਿਰਾਂ ਤੋਂ ਅਧਿਐਨ ਕਰਵਾ ਕੇ ਜੇਕਰ ਇਹ ਗੁਲਾਬੀ ਸੁੰਡੀ ਹੈ ਤਾਂ ਇਸ ਲਈ ਕਿਸਾਨਾਂ ਨੂੰ ਜਰੂਰੀ ਹਦਾਇਤਾਂ ਅਤੇ ਦਵਾਈਆਂ ਮੁਹੱਈਆ ਕਰਵਾਵੇ।
ਜੇਕਰ ਸਰਕਾਰ ਨੂੰ ਇਸ ਤਰ੍ਹਾਂ ਲਗਦਾ ਹੈ ਕਿ ਇਸ ਗੁਲਾਬੀ ਸੁੰਡੀ ਦੀ ਰੋਕਥਾਮ ਦਾ ਕੋਈ ਹੱਲ ਨਹੀਂ ਹੈ ਤਾਂ ਤੁਰੰਤ ਸਮਾਂ ਰਹਿੰਦੇ ਨਰਮਾਂ ਬੀਜਣ ਉਪਰ ਜ਼ੋ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਖਰਚਾ ਕਿਸਾਨਾਂ ਦਾ ਆਇਆ ਹੈ ਅਤੇ ਫਸਲ ਦੀ ਖਰਾਬੀ ਦਾ ਮੁਆਵਜ਼ਾ ਦੇ ਕੇ ਇੰਨ੍ਹਾਂ ਕਿਸਾਨਾਂ ਨੂੰ ਹੋਰ ਸਮਾਂ ਰਹਿੰਦੇ ਫਸਲਾਂ ਜਿਵੇਂ ਮੂੰਗੀ, ਮੱਕੀ ਅਤੇ ਪਿਛੇਤੀ ਜੀਰੀ ਲਵਾਉਣ ਵਿੱਚ ਮੱਦਦ ਕਰੇ ਤਾਂ ਕਿ ਨਰਮਾਂ ਪੱਟੀ ਦਾ ਪਹਿਲਾਂ ਹੀ ਫੇਲ੍ਹ ਹੋ ਚੁੱਕਾ ਕਿਸਾਨ ਹੋਰ ਆਰਥਿਕ ਮੰਦਵਾੜੇ ਦਾ ਮਾਰਿਆ ਕਿਸਾਨ ਖੁਦਕਸ਼ੀਆਂ ਦੇ ਰਾਹ ਨਾ ਪਵੇ। ਇਸ ਸਮੇਂ ਅਰਸ਼ਦੀਪ ਸਿੰਘ, ਸੰਦੀਪ ਸਿੰਘ, ਖੁਸ਼ਪ੍ਰੀਤ ਸਿੰਘ, ਅਵਤਾਰ ਸਿੰਘ ਆਦਿ ਹਾਜਰ ਸਨ।