*ਵਿਰੋਧੀ ਦਲ ‘ਆਪ’ ਸਰਕਾਰ ਦੇ ਲੋਕ ਹਿਤੈਸ਼ੀ ਕੰਮਾਂ ਨੂੰ ਹਜ਼ਮ ਨਹੀਂ ਕਰ ਪਾ ਰਹੇ, ਜਿਹੜੇ ਕੰਮ 75 ਸਾਲਾਂ ’ਚ ਨਹੀਂ ਹੋਏ, ਸਾਡੀ ਸਰਕਾਰ ਨੇ ਤਿੰਨ ਮਹੀਨਿਆਂ ’ਚ ਕਰਕੇ ਦਿਖਾਏ*

0
30

 ਸੰਗਰੂਰ 17,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਕਿਹਾ, ‘ਕਾਂਗਰਸ ਅਤੇ ਅਕਾਲੀ ਦਲ ਸਮੇਤ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਹਮੇਸ਼ਾਂ ਗੈਂਗਸਟਰਾਂ ਅਤੇ ਮਾਫੀਆਂ ਨੂੰ ਸਰਪ੍ਰਸਤੀ ਦਿੱਤੀ ਹੈ। ਆਪਣੇ ਰਾਜਨੀਤਿਕ ਫਾਇਦੇ ਲਈ ਉਨ੍ਹਾਂ ਨੇ ਗੈਂਗਸਟਰਵਾਦ ਨੂੰ ਪ੍ਰਫੁੱਲਤ ਕੀਤਾ ਅਤੇ ਸੂਬੇ ਦਾ ਮਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਪੰਜਾਬ ਨੂੰ ਅਪਰਾਧ ਅਤੇ ਮਾਫੀਆ ਮੁਕਤ ਬਣਾਉਣ ਦੀ ਸਹੁੰ ਖਾਧੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੇ ਗੈਂਗਸਟਰਾਂ ਨੂੰ ਜਨਮ ਦਿੱਤਾ, ਉਹ ਅੱਜ ਰੌਲ਼ਾ ਪਾ ਰਹੇ ਹਨ।
 
ਮੁੱਖ ਮੰਤਰੀ ਮਾਨ ਸ਼ੁੱਕਰਵਾਰ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਵਿਧਾਨ ਸਭਾ ਹਲਕਾ ਦਿੜ੍ਹਬਾ ਅਤੇ ਸੁਨਾਮ ’ਚ ਆਏ ਸਨ ਅਤੇ ਉਨ੍ਹਾਂ ਨੇ ਦਿੜ੍ਹਬਾ, ਖਨੌਰੀ, ਲਹਿਰਾ, ਝਾਂਜਲੀ, ਜਖੇਪਾਲ, ਚੀਮਾ, ਲੌਗੋਂਵਾਲ ਅਤੇ ਸੁਨਾਮ ਵਿੱਚ ‘ਰੋਡ ਸ਼ੋਅ’ ਕਰਕੇ ਵੋਟਰਾਂ ਨੂੰ ਗੁਰਮੇਲ ਸਿੰਘ ਘਰਾਚੋਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਤੌਰ ਸੰਸਦ ਮੈਂਬਰ ਮੈਂ ਹਮੇਸ਼ਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਸੰਸਦ ’ਚ ਚੁੱਕੀ ਹੈ। ਮੈਂ ਵੀ ਆਮ ਪਰਿਵਾਰ ਤੋਂ ਹਾਂ। ਇਸ ਲਈ ਆਮ ਲੋਕਾਂ ਦਾ ਦੁੱਖ ਦਰਦ ਚੰਗੀ ਤਰ੍ਹਾਂ ਸਮਝਦਾ ਹਾਂ। ਮੇਰੀ ਤਰ੍ਹਾਂ ਗੁਰਮੇਲ ਸਿੰਘ ਵੀ ਆਮ ਘਰ ਦਾ ਪੜ੍ਹਿਆ ਲਿਖਿਆ ਨੌਜਵਾਨ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਜਿਸ ਤਰ੍ਹਾਂ ਸੰਗਰੂਰ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ, ਉਸੇ ਤਰ੍ਹਾਂ ਗੁਰਮੇਲ ਸਿੰਘ ਨੂੰ ਵੀ ਪਿਆਰ ਬਖ਼ਸ਼ਣਗੇ ਅਤੇ ਭਾਰੀ ਬਹੁਮਤ ਨਾਲ ਜਿੱਤਾ ਕੇ ਸੰਸਦ ’ਚ ਭੇਜਣਗੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਭ ਜਾਣਦੇ ਹਨ, ‘‘ਪੰਜਾਬ ’ਚ ਜਿਨ੍ਹਾਂ ਲੋਕਾਂ ਦੀਆਂ ਹੁਣ ਤੱਕ ਸਰਕਾਰਾਂ ਰਹੀਆਂ ਹਨ। ਉਨ੍ਹਾਂ ਨੇ ਹੀ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਵਰਤਿਆ ਹੈ। ਮੈਂ ਆਪਣੇ ਨਾਲ ਗੈਂਗਸਟਰ ਨਹੀਂ ਲਿਆਇਆ, ਪਰ ਮੈਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਮੈਂ ਪੂਰੀ ਤਰ੍ਹਾਂ ਨਾਲ ਗੈਂਗਸਟਰਵਾਦ ਖ਼ਤਮ ਕਰਾਂਗਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ‘ਆਪ’ ਸਰਕਾਰ ਦੇ ਲੋਕ ਹਿਤੈਸ਼ੀ ਕੰਮਾਂ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ। ਜਿਹੜੇ ਕੰਮ 75 ਸਾਲਾਂ ’ਚ ਨਹੀਂ ਹੋਏ, ਸਾਡੀ ਸਰਕਾਰ ਨੇ ਤਿੰਨ ਮਹੀਨਿਆਂ ’ਚ ਪੂਰੇ ਕਰਕੇ ਦਿਖਾਏ ਹਨ। 

LEAVE A REPLY

Please enter your comment!
Please enter your name here