ਚੰਡੀਗੜ੍ਹ 10 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼): : ਪੁਲਿਸ ਦੀ ਸਖਤੀ ਤੋਂ ਬਾਅਦ ਵੀ ਗੈਂਗਸਟਰਾਂ ਦੇ ਹੌਸਲੇ ਪਸਤ ਨਹੀਂ ਪਏ। ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਨਿੱਤ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ। ਹੁਣ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਰਣਬੀਰ ਸਿੰਘ ਖੱਟੜਾ ਦੇ ਭਰਾ ਪਰਮਜੀਤ ਸਿੰਘ ਸਹੋਲੀ ਨੂੰ ਵੱਟਸਐਪ ’ਤੇ ਫੋਨ ਕਰਕੇ ਧਮਕੀ ਦਿੱਤੀ ਗਈ ਹੈ। ਪਰਮਜੀਤ ਸਹੋਲੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਫਿਰੌਤੀ ਮੰਗਣ ਤੇ ਧਮਕੀ ਦੇਣ ਦਾ ਕੇਸ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਪਰਮਜੀਤ ਸਿੰਘ ਸਹੋਲੀ ਅਕਾਲੀ ਦਲ ਸੁਤੰਤਰ ਦੇ ਲੀਡਰ ਹਨ। ਉਨ੍ਹਾਂ ਨੇ ਪੁਲੀਸ ਨੂੰ ਤਿੰਨ ਦਿਨ ਪਹਿਲਾਂ ਦੱਸਿਆ ਕਿ ਕਿਸੇ ਨੇ ਵੱਟਸਐਪ ’ਤੇ ਫੋਨ ਕਰਕੇ ਕਿਹਾ ਕਿ ਉਹ ਗੋਲਡੀ ਬਰਾੜ ਬੋਲ ਰਿਹਾ ਹੈ, ਜਿਸ ਨੇ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੈ।
ਮੁਲਜ਼ਮ ਨੇ ਉਸ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ ਤੇ ਉਸ ਨੂੰ ਦੱਸਿਆ ਕਿ ਸਿੱਧੂ ਮੂਸੇਵਾਲੇ ਤੋਂ ਵੀ 50 ਲੱਖ ਮੰਗੇ ਸੀ। ਪੈਸੇ ਨਾ ਮਿਲਣ ‘ਤੇ ਸਹੋਲੀ ਦਾ ਵੀ ਉਹੀ ਅੰਜਾਮ ਹੋਵੇਗਾ ਜੋ ਮੂਸੇਵਾਲੇ ਦਾ ਹੋਇਆ। ਹੁਣ ਪੁਲਿਸ ਵੱਲੋਂ ਇਸ ਮਾਮਲੇ ’ਚ ਨਾਮਾਲੂਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਨਾਭਾ ਡੀਐਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਸਹੋਲੀ ਵੱਲੋਂ ਦਿੱਤਾ ਫੋਨ ਨੰਬਰ ਸਾਈਬਰ ਸੈੱਲ ਨੂੰ ਭੇਜਿਆ ਗਿਆ ਹੈ ਤੇ ਇਹਤਿਆਤ ਦੇ ਤੌਰ ‘ਤੇ ਸਹੋਲੀ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।
ਮੂਸੇਵਾਲਾ ਕਤਲ ਕਾਂਡ ਤੇ ਸਲਮਾਨ ਨੂੰ ਧਮਕੀ ਦੇ ਮਾਮਲੇ ‘ਚ ABP ਦਾ ਵੱਡਾ ਖੁਲਾਸਾ, ਜਾਣੋ ਗੋਲਡੀ ਦੇ ਜੁਰਮਾਂ ਦੀ ਪੂਰੀ ਲਿਸਟ
Moose Wala Murder Case: ਪੰਜਾਬੀ ਸਿੱਧੂ ਮੂਸੇਵਾਲਾ ਕੇਸ ‘ਚ ABP ਨਿਊਜ਼ ਨੇ ਵੱਡਾ ਖੁਲਾਸਾ ਕੀਤਾ ਹੈ। ABP News ਕੈਨੇਡਾ ‘ਚ ਬੈਠ ਕੇ ਪੰਜਾਬ ‘ਚ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਗੋਲਡੀ ਬਰਾੜ ਦੇ ਅਪਰਾਧਾਂ ਦੀ ਲਿਸਟ ਲੈ ਕੇ ਆਇਆ ਹੈ। ਪੰਜਾਬ ਦੇ ਮਾਨਸਾ ਵਿੱਚ 30 ਤੋਂ ਵੱਧ ਗੋਲੀਆਂ ਚਲਾ ਕੇ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਗੋਲਡੀ ਬਰਾੜ ਦਾ ਪੂਰਾ ਨਾਂ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਹੈ।
ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਦਾ ਜਨਮ 1994 ਵਿੱਚ ਹੋਇਆ ਸੀ ਤੇ ਬੀਏ ਪਾਸ ਹੈ। ਪੰਜਾਬ ਪੁਲਿਸ ਦੇ ਡੋਜ਼ੀਅਰ ਵਿੱਚ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀਆਂ 5 ਵੱਖ-ਵੱਖ ਤਸਵੀਰਾਂ ਹਨ। ਤਸਵੀਰਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਗੋਲਡੀ ਬਰਾੜ ਸਮੇਂ ਦੇ ਨਾਲ ਆਪਣੀ ਲੁੱਕ ਬਦਲਦਾ ਰਿਹਾ ਹੈ। ਗੋਲਡੀ A+ ਸ਼੍ਰੇਣੀ ਦਾ ਗੈਂਗਸਟਰ ਹੈ ਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਤੇ ਹੁਣ ਇੰਟਰਪੋਲ ਨੇ ਵੀ ਉਸ ਵਿਰੁੱਧ ਆਰਸੀਐਨ ਵੀ ਜਾਰੀ ਕਰ ਦਿੱਤਾ ਹੈ।