*ਲੋਕ ਸਭਾ ਲਈ ਸੰਗਰੂਰ ਹਲਕੇ ਦੀ ਉਪ ਚੋਣ ਲਈ ਆਮ ਆਦਮੀ ਪਾਰਟੀ ਨੇ ਸਰਗਰਮੀਆਂ ਕੀਤੀਆਂ ਤੇਜ਼*

0
17

ਚੰਡੀਗੜ੍ਹ 09 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼)ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਮਾਮਲੇ ’ਤੇ ਵੀਰਵਾਰ ਨੂੰ ‘ਆਪ’ ਪੰਜਾਬ ਦੇ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਅਤੇ ਪੰਜਾਬ ਦੇ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ’ਚ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਉਪ ਚੋਣ ਦੀ ਜਿੱਤ ਲਈ ਰਣਨੀਤੀ ’ਤੇ ਚਰਚਾ ਕੀਤੀ। ਮੀਟਿੰਗ ’ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਡਾ. ਬਲਜੀਤ ਕੌਰ, ਗੁਰਮੀਤ ਸਿੰਘ ਮੀਤ ਹੇਅਰ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ, ਲਾਲ ਚੰਦ ਕਟਾਰੂਚੱਕ ਅਤੇ ਹਰਭਜਨ ਸਿੰਘ ਈ.ਟੀ.ਓ ਸਮੇਤ ਕਈ ਵਿਧਾਇਕ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਲੋਕ ਸਭਾ ਹਲਕਿਆਂ ਦੇ ਇੰਚਾਰਜ ਵੀ ਮੌਜ਼ੂਦ ਸਨ। ਜ਼ਿਕਰਯੋਗ ਹੈ ਕਿ 23 ਜੂਨ ਨੂੰ ਸੰਗਰੂਰ ਹਲਕੇ ’ਚ ਉਪ ਚੋਣ ਲਈ ਵੋਟਾਂ ਪਾਈਆਂ ਜਾਣੀਆਂ ਹਨ।  


ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨੇ ਕਿਹਾ, ‘‘ਅਸੀਂ ਸੰਗਠਨ ਦੇ ਸੀਨੀਅਰ ਆਗੂਆਂ ਨਾਲ ਸੰਗਰੂਰ ਲੋਕ ਸਭਾ ਉਪ ਚੋਣ ਬਾਰੇ ਚਰਚਾ ਕੀਤੀ ਹੈ। ਸੰਗਰੂਰ ਉਹ ਹਲਕਾ ਹੈ ਜਿੱਥੋਂ ਅਸੀਂ 2014 ਤੋਂ ਲਗਾਤਾਰ ਜਿੱਤਦੇ ਆ ਰਹੇ ਹਾਂ। ਇਸ ਉਪ ਚੋਣ ’ਚ ਵੀ ਸਾਰੇ ਪੁਰਾਣੇ ਰਿਕਾਰਡ ਤੋੜਾਂਗੇ।’’ ਉਨ੍ਹਾਂ ਕਿਹਾ ਕਿ ਪਿਛਲੇ ਢਾਈ ਮਹੀਨਿਆਂ ’ਚ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਚੰਗੇ ਕੰਮ ਕੀਤੇ ਹਨ। ਇਨਾਂ ਕੰਮਾਂ ਨੂੰ ਦੇਖ ਕੇ ਲੋਕਾਂ ਦਾ ਵਿਸ਼ਵਾਸ਼ ਆਮ ਆਦਮੀ ਪਾਰਟੀ ’ਤੇ ਹੋਰ ਮਜ਼ਬੂਤ ਹੋਇਆ ਹੈ। ਅਜਿਹਾ ਕੇਵਲ ਆਮ ਆਦਮੀ ਪਾਰਟੀ ’ਚ ਹੀ ਹੋ ਸਕਦਾ ਹੈ ਕਿ ਇੱਕ ਆਮ ਘਰ ਦਾ ਨੌਜਵਾਨ ਜਿਹੜਾ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੈ, ਉਸ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਲਈ 26 ਜੂਨ ਨੂੰ ‘ਆਪ’ ਦੇ ਹੱਕ ’ਚ ਬਹੁਤ ਸ਼ਾਨਦਾਰ ਨਤੀਜਾ ਆਏਗਾ। 


ਇਸ ਮੌਕੇ ਉਮੀਦਵਾਰ ਗੁਰਮੇਲ ਸਿੰਘ ਨੇ ਕਿਹਾ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ। ਸੰਗਰੂਰ ਦੇ ਲੋਕਾਂ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਨਾਂ ਦਾ ਪੌਦਾ ਲਾਇਆ ਹੈ। ਪਾਰਟੀ ਦੇ ਇਸ ਮੁਕਾਮ ਤੱਕ ਪਹੁੰਚਣ ’ਚ ਸੰਗਰੂਰ ਦੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਪ ਚੋਣ ’ਚ ਸਾਡੀ ਜਿੱਤ ਪੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਲਗਾਤਾਰ ਦੋ ਵਾਰ ਸੰਸਦ ਮੈਂਬਰ ਬਣੇ ਸਨ ਅਤੇ ਇਸ ਹਲਕੇ ਦੇ ਲੋਕਾਂ ਦੇ ਪਿਆਰ ਨੇ ਹੀ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ।

LEAVE A REPLY

Please enter your comment!
Please enter your name here