*ਭ੍ਰਿਸ਼ਟਾਚਾਰ ਮਾਮਲੇ ‘ਚ ਵਿਜੈ ਸਿੰਗਲਾ ਦੇ 4 ਹਿੱਸੇਦਾਰਾਂ ਦੇ ਨਾਮ ਆਏ ਸਾਹਮਣੇ! ਪੰਜਾਬ ਭਵਨ ਦਾ ਕਮਰਾ ਨੰਬਰ 203 ਤੇ 204 ਸੀਲ*

0
1000

ਮਾਨਸਾ, 26 ਮਈ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਭ੍ਰਿਸ਼ਟਾਚਾਰ ਦੇ ਕੇਸ ਵਿੱਚ ਬਰਖ਼ਾਸਤ ਸਿਹਤ ਮੰਤਰੀ ਵਿਜੈ ਸਿੰਗਲਾ ਦੀ ‘ਚੌਕੜੀ’ ਸਾਹਮਣੇ ਆਈ ਹੈ। ਨਿਊਜ਼ 18 ਦੀ ਖਬਰ ਅਨੁਸਾਰ ਇਲਜ਼ਾਮ ਹੈ ਕਿ ਭ੍ਰਿਸ਼ਟਾਚਾਰ ‘ਚ ਵਿਜੇ ਸਿੰਗਲਾ ਦੇ 4 ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਦੇ ਸਨ। ਇਸ ਵਿੱਚ ਭਾਣਜਾ, ਇੱਕ ਦੰਦਾਂ ਦਾ ਡਾਕਟਰ ਤੇ ਦੋ ਜਾਣਕਾਰ ਹਨ। ਇੱਕ ਨੂੰ  OSD ਲਾਇਆ ਹੋਇਆ ਸੀ ਅਤੇ ਬਾਕੀ ਤਿੰਨੇ ਬਿਨ੍ਹਾਂ ਅਹੁਦੇ ਤੋਂ ਅਫ਼ਸਰਾਂ ਨੂੰ ਹੁਕਮ ਚਾੜ੍ਹਦੇ ਸਨ। ਇਸ ਚੌਕੜੀ ਵਿੱਚ ਹੁਕਮਪ੍ਰਦੀਪ ਬਾਂਸਲ (ਭਾਣਜਾ), ਵਿਸ਼ਾਲ ਉਰਫ਼ ਲਵੀ (ਪੈਸਟੀਸਾਈਡ ਡੀਲਰ), ਯੋਗੇਸ਼ ਕੁਮਾਰ (ਭੱਠਾ ਮਾਲਕ), ਡਾ. ਗਿਰੀਸ਼ ਗਰਗ (ਦੰਦਾਂ ਦਾ ਡਾਕਟਰ) ਸ਼ਾਮਲ ਹਨ।

ਸਿੰਗਲਾ ਨੇ ਮੰਤਰੀ ਬਣਦੇ ਸਾਰ ਆਪਣੇ ਭਾਣਜੇ ਨੂੰ OSD ਬਣਾ ਲਿਆ, ਜੋ ਕਿ ਪੈਸੇ ਦੇ ਲੈਣ ਦੇਣ ਦਾ ਕੰਮ ਦੇਖਦਾ ਸੀ। ਵਿਜੇ ਸਿੰਗਲਾ ਪੰਜਾਬ ਭਵਨ ਦੇ ਕਮਰਾ ਨੰਬਰ 203 ਚ ਰਹਿੰਦੇ ਸੀ ਤੇ ਉਨ੍ਹਾਂ ਦੇ ਚਾਰੇ ਸਾਥੀ ਕਮਰਾ ਨੰਬਰ 204 ਵਿੱਚ ਰਹਿੰਦੇ ਸਨ। ਚਾਰਾਂ ਵਿੱਚ ਕੰਮ ਵੰਡਿਆ ਹੋਇਆ ਸੀ। ਵਿਸ਼ਾਲ ਮੰਤਰੀ ਦੇ ਪੀਏ ਦਾ ਕੰਮ ਕਰ ਰਿਹਾ ਸੀ ਤੇ ਜਾਣਕਾਰੀ ਮੁਤਾਬਕ ਮੰਤਰੀ ਨੇ ਕੋਈ ਵੀ ਟ੍ਰਾਂਸਫਰ ਉਸਦੀ ਮਨਜ਼ੂਰੀ ਤੋਂ ਬਿਨ੍ਹਾਂ ਨਾ ਕਰਨ ਲਈ ਵੀ ਕਿਹਾ ਹੋਇਆ ਸੀ।

ਇਹਨਾਂ ਚਾਰਾਂ ਤੋਂ ਇਲਾਵਾ ਮੰਤਰੀ ਦੇ ਬਰਨਾਲੇ ਤੋਂ ਇੱਕ ਰਿਸ਼ਤੇਦਾਰ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ, ਜੋ ਨਸ਼ਾ ਮੁਕਤੀ ਕੇਂਦਰਾਂ ਦਾ ਕੰਮ ਦੇਖ ਰਿਹਾ ਸੀ।

ਵਿਜੇ ਸਿੰਗਲਾ ਦੀ ਤਿੰਨ ਮਹੀਨੇ ਦੀ ਕਾਲ ਡਿਟੇਲ ਪੁਲਿਸ ਨੇ ਖੰਗਾਲੀ ਹੈ । OSD ਭਾਣਜੇ ਪ੍ਰਦੀਪ ਦੀ ਵੀ ਕਾਲ ਡਿਟੇਲ ਹਾਸਲ ਕੀਤੀ। ਸਿੰਗਲਾ ਦੇ ਕਰੀਬ 13 ਕੀਰੀਬੀਆਂ ਦੇ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਰ ‘ਚ ਲਈ ਤਲਾਸ਼ੀ ਅਤੇ ਬੈਂਕ ਖਾਤਿਆਂ ਦੇ ਵੇਰਵੇ ਵੀ ਲਏ।  ਸਿੰਗਲਾ ਦੇ ਗੁਆਂਢੀਆਂ ਅਤੇ ਕਰੀਬੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਭਵਨ ਅਤੇ ਸਿਵਲ ਸਕੱਤਰੇਤ ਦੀ CCTV ਵੀ ਹਾਸਲ ਕੀਤੀ ਹੈ।

ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਵਿਜੈ ਸਿੰਗਲਾ ਦੇ ਸਿਹਤ ਮੰਤਰੀ ਹੁੰਦਿਆਂ ਹੁਣ ਤੱਕ ਕਰੀਬ 60 ਤੋਂ ਵੱਧ ਟੈਂਡਰ ਜਾਰੀ ਹੋਏ ਸੀ। ਪੁਲਿਸ ਨੇ ਵੱਖ-ਵੱਖ ਠੇਕੇਦਾਰਾਂ ਨੂੰ ਅਲਾਟ ਹੋਏ ਇਨ੍ਹਾਂ ਟੈਂਡਰਾਂ ਦੀਆਂ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਟੈਂਡਰਾਂ ਵਿੱਚ ਮੁਹੱਲਾ ਕਲੀਨਿਕ ਦੇ ਕੰਮ ਵੀ ਸ਼ਾਮਲ ਦੱਸੇ ਜਾਂਦੇ ਹਨ। ਦਿੱਲੀ ਦੀ ਤਰਜ਼ ’ਤੇ ਪੰਜਾਬ ਦੀ ‘ਆਪ’ ਸਰਕਾਰ ਵੱਲੋਂ 15 ਅਗਸਤ ਤੋਂ ਸੂਬੇ ਭਰ ਵਿੱਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ, ਕਮਿਊਨਿਟੀ ਹੈਲਥ ਸੈਂਟਰਾਂ ਦੀ ਉਸਾਰੀ ਸਮੇਤ ਹੋਰ ਕੰਮ ਜੰਗੀ ਪੱਧਰ ’ਤੇ ਚੱਲ ਰਹੇ ਹਨ। ਇਨ੍ਹਾਂ ਸਾਰੇ ਕੰਮਾਂ ਦੇ ਵਰਕ ਆਰਡਰ ਹੁਣ ਸ਼ੱਕ ਦੇ ਘੇਰੇ ਵਿੱਚ ਹਨ। ਇਹ ਕੰਮ ਵੀ ਵੱਖ-ਵੱਖ ਠੇਕੇਦਾਰਾਂ ਨੂੰ ਸੌਂਪੇ ਗਏ ਸਨ ਅਤੇ ਮਾਰਚ ਮਹੀਨੇ ਵਿੱਚ 17 ਕਰੋੜ ਰੁਪਏ ਦੇ ਟੈਂਡਰ ਅਲਾਟ ਕਰਕੇ ਪੈਸਿਆਂ ਦਾ ਭੁਗਤਾਨ ਕੀਤਾ ਗਿਆ ਸੀ। ਰਿਪੋਰਟ ਅਨੁਸਾਰ ਅਗਲੇ ਦਿਨਾਂ ਵਿੱਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਸਣੇ ਸਬੰਧਤ ਠੇਕੇਦਾਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾ ਸਕਦਾ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਸੀ। ਨਾਲ ਹੀ ਪੁਲਿਸ ਨੂੰ ਮੰਤਰੀ ਖਿਲਾਫ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਪਿੱਛੋਂ ਪੁਲਿਸ ਨੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ। ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਸਿੰਗਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿਚ ਸਿੰਗਲਾ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ ਦੂਜੇ ਮੁਲਜ਼ਮ ਪ੍ਰਦੀਪ ਕੁਮਾਰ ਨੂੰ 27 ਮਈ ਤੱਕ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਦਾ ਸਟੈਂਡ ਭ੍ਰਿਸ਼ਟਾਚਾਰ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ਵਾਲਾ ਹੈ। ਮਾਨ ਨੇ ਕਿਹਾ, “ਮੈਂ ਇੱਕ ਰੁਪਏ ਲਈ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗਾ। ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣਾ ਚਾਹੁੰਦੇ ਹਾਂ।” ਸਿੰਗਲਾ (52) ਮਾਨਸਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀ ਗਾਇਕ ਤੇ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਨੂੰ ਹਰਾਇਆ ਸੀ। ਵਿਜੈ ਸਿੰਗਲਾ ਦੰਦਾਂ ਦੇ ਡਾਕਟਰ ਹਨ।’

LEAVE A REPLY

Please enter your comment!
Please enter your name here