*ਤੁਫਾਨ ਅਤੇ ਅਸਮਾਨੀ ਬਿਜਲੀ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਡਿਜ਼ਾਜਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਹਦਾਇਤਾਂ ਜਾਰੀ*

0
35

ਮਾਨਸਾ, 19 ਮਈ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਜ਼ਾਜਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਭਵਿੱਖ ਵਿੱਚ ਸੰਭਾਵਿਤ ਤੁਫਾਨ ਅਤੇ ਅਸਮਾਨੀ ਬਿਜਲੀ ਨਾਲ ਲੋਕਾਂ, ਪਸ਼ੂਆਂ, ਫਸਲਾਂ ਅਤੇ ਹੋਰਾਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਹਦਾਇਤਾਂ ਮੁਤਾਬਕ ਸਾਰਿਆਂ ਨੂੰ ਅਗਾਉਂ ਤੌਰ ’ਤੇ ਮੌਸਮ ਸਬੰਧੀ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜ਼ੋ ਪਹਿਲਾਂ ਤੋਂ ਹੀ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਘੱਟੋ ਘੱਟ ਪਹਿਲਾਂ ਮੌਸਮ ਦੀ ਜਾਣਕਾਰੀ ਹਾਸਲ ਕੀਤੀ ਜਾਵੇ ਜੇ ਮੌਸਮ ਸਹੀ ਨਹੀਂ ਤਾਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਉਨਾਂ ਕਿਹਾ ਕਿ ਖਰਾਬ ਮੌਸਮ ਵਿਚ ਖੇਤਾਂ ਵਿਚ ਕੰਮ ਕਰਨ, ਪਸ਼ੂਆਂ ਨੂੰ ਚਰਵਾਉਣ ਆਦਿ ਤੋਂ ਪਰਹੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਮੈਟਲ (ਧਾਤੂ) ਦੀ ਬਣੀ ਕਿਸੇ ਵੀ ਵਸਤੂ ਨੂੰ ਛੂਹਣ ਜਾਂ ਉਸਦੇ ਨੇੜੇ ਜਾਣ ਤੋਂ ਵੀ ਗੁਰੇਜ਼ ਕੀਤਾ ਜਾਵੇ। ਉਨਾਂ ਕਿਹਾ ਕਿ ਜੇਕਰ ਤੁਸੀਂ ਖਰਾਬ ਮੌਸਮ ਵਿਚ ਘਰ ਤੋਂ ਬਾਹਰ ਪਹਾੜਾ ਜਾਂ ਉੱਚੀਆਂ ਥਾਵਾਂ ’ਤੇ ਹੋ ਤਾਂ ਜਿੰਨਾ ਜਲਦੀ ਹੋ ਸਕੇ ਨੀਵੀਆਂ ਥਾਵਾਂ ’ਤੇ ਆ ਜਾਓ ਪਰ ਨੀਵੀ ਥਾਂ ਉਹ ਹੋਵੇ ਜਿਸ ’ਤੇ ਪਾਣੀ ਇਕੱਠਾ ਜਾਂ ਹੜ ਵਾਲੀ ਸਥਿਤੀ ਨਾ ਆ ਜਾਵੇ। ਇਸ ਤੋਂ ਇਲਾਵਾ ਜੇਕਰ ਤੁਹਾਡੇ ਗਰਦਨ ਦੇ ਕੋਲ ਵਾਲ ਖੜੇ ਹੋਣ ਜਾਂ ਝਰਾਹਟ ਪੈਦਾ ਹੋਵੇ ਤਾਂ ਇਹ ਵੀ ਖਤਰਾ ਹੋ ਸਕਦਾ ਹੈ, ਜਲਦ ਕਿਸੇ ਸੁਰੱਖਿਅਤ ਥਾਂ ’ਤੇ ਜਾਇਆ ਜਾਵੇ।
ਉਨਾਂ ਕਿਹਾ ਕਿ ਛੱਪੜਾਂ, ਤਲਾਬਾਂ, ਝੀਲਾਂ ਅਤੇ ਹੋਰ ਪਾਣੀ ਵਾਲੇ ਸਰੋਤਾਂ ਤੋਂ ਦੂਰ ਰਿਹਾ ਜਾਵੇ। ਇਸ ਤੋਂ ਇਲਾਵਾ ਟੈਲੀਫੋਨ, ਬਿਜਲੀ, ਰੇਲਵੇ ਟਰੈਕ, ਬਾੜ ਵਾਲੀਆਂ ਤਾਰਾਂ ਤੋਂ ਵੀ ਪਾਸੇ ਰਿਹਾ ਜਾਵੇ। ਉਨਾਂ ਕਿਹਾ ਕਿ ਗਰੁੱਪ ਵਿਚ ਨਾ ਖੜਾ ਹੋਇਆ ਜਾਵੇ ਇਸ ਨਾਲ ਖਤਰਾ ਜਿਆਦਾ ਹੁੰਦਾ ਹੈ। ਉਨਾਂ ਕਿਹਾ ਕਿ ਖਰਾਬ ਮੌਸਮ ਸਮੇਂ ਵੱਡੇ ਰੁੱਖਾਂ ਦੀ ਥਾਂ ’ਤੇ ਛੋਟੇ ਰੁੱਖਾਂ ਦੇ ਹੇਠ ਖੜਿਆ ਜਾਵੇ। ਤੂਫਾਨ ਅਤੇ ਅਸਮਾਨੀ ਬਿਜਲੀ ਸਮੇਂ ਮੋਟਰਸਾਈਕਲ, ਬਿਜਲੀ, ਟੈਲੀਫੋਨ, ਮਸ਼ੀਨਾਂ, ਛੱਤਰੀ ਆਦਿ ਦੀ ਵਰਤੋਂ ਨਾ ਕੀਤੀ ਜਾਵੇ ਇਸ ਨਾਲ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਬਾਹਰ ਹੋ ਅਤੇ ਕੋਈ ਸੁਰੱਖਿਅਤ ਥਾਂ ਨਹੀਂ ਮਿਲ ਰਹੀ ਤਾਂ ਆਪਣੇ ਆਪ ਨੂੰ ਬਾਲ ਦੀ ਤਰਾਂ ਇਕਠਾ ਕਰ ਲਓ ਤੇ ਆਪਣੇ ਕੰਨਾਂ ਨੂੰ ਹੱਥਾਂ ਨਾਲ ਪੂਰੀ ਤਰਾਂ ਢੱਕ ਲਵੋ।
ਸ੍ਰੀ ਜਸਪ੍ਰੀਤ ਸਿੰਘ ਨੇ ਕਿਹਾ ਘਰ ਵਿਚ ਹੋਣ ਸਮੇਂ ਖਤਰੇ ਤੋਂ ਬਚਣ ਲਈ ਘਰ ਦੀਆਂ ਬਾਰੀਆਂ, ਬੂਹੇ ਬੰਦ ਰਖੋ ਅਤੇ ਕੋਈ ਵੀ ਬਿਜਲੀ ਵਾਲੀ ਵਸਤੂ ਨਾ ਛੁਈ ਜਾਵੇ। ਸਾਰੀਆਂ ਬਿਜਲੀ ਵਾਲੀਆਂ ਵਸਤਾਂ ਜਿਵੇਂ ਕੰਪਿਉਟਰ, ਲੈਪਟਾਪ, ਡਰਾਈਰ, ਵਾਸ਼ਿੰਗ ਮਸ਼ੀਨ ਆਦਿ ਦੇ ਪਲੱਗ ਕੱਢ ਦਿੱਤੇ ਜਾਣ ਤਾਂ ਜ਼ੋ ਬਿਜਲੀ ਨੂੰ ਸਪਲਾਈ ਨਾ ਮਿਲ ਸਕੇ। ਇਸ ਤੋਂ ਇਲਾਵਾ ਬੱਚਿਆਂ, ਬਜੁਰਗਾਂ ਅਤੇ ਪਸ਼ੁਆਂ ਨੂੰ ਅੰਦਰ ਰੱਖਿਆ ਜਾਵੇ। ਫੁਆਰਾ ਨਾ ਛੱਡਿਆ ਜਾਵੇ, ਪਾਣੀ ਚੱਲਣ ਵਾਲੀ ਕੋਈ ਗਤੀਵਿਧੀ ਨਾ ਕੀਤੀ ਜਾਵੇ ਜਿਸ ਨਾਲ ਬਿਜਲੀ ਪਾਈਪਾਂ ਰਾਹੀਂ ਆ ਜਾਵੇ ਤੇ ਨੁਕਸਾਨ ਕਰ ਦੇਵੇ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ’ਤੇ ਬਿਜਲੀ ਡਿੱਗ ਜਾਂਦੀ ਹੈ ਤਾਂ ਉਸਨੂੰ ਤੁਰੰਤ ਹਸਪਤਾਲ ਵਿਖੇ ਲੈ ਕੇ ਜਾਇਆ ਜਾਵੇ, ਬਿਜਲੀ ਡਿੱਗਣ ਵਾਲੇ ਵਿਅਕਤੀ ਅੰਦਰ ਕੋਈ ਕਰੰਟ ਨਹੀਂ ਹੁੰਦਾ ਸੋ ਤੁਰੰਤ ਉਸਦੀ ਸਹਾਇਤਾ ਕੀਤੀ ਜਾਵੇ। ਇਸ ਤੋਂ ਇਲਾਵਾ ਜੇਕਰ ਪੀੜਤ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਤਾਂ ਉਸਨੂੰ ਮੂੰਹ ਨਾਲ ਜਾਂ ਉਸਦੀ ਛਾਤੀ ਨੂੰ ਦਬਾ ਕੇ ਸਾਹ ਦਿੱਤਾ ਜਾਵੇ।
ਉਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 1078 ’ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਅਕਤੀ ਆਪਣੇ ਮੋਬਾਈਲ ਦੇ ਪਲੇਅ ਸਟੋਰ ਵਿਖੇ ਜਾ ਕੇ ਇੰਗਲਿਸ਼ ਵਿਚ ਦਾਮਿਨੀ ਲਿਖ ਕੇ ਮੋਬਾਈਲ ਐਪ ਡਾਉਨਲੋਡ ਕਰ ਸਕਦੇ ਹਨ ਜਿਸ ਵਿਚ ਵਿਅਕਤੀ ਆਪਣੀ ਲੋਕੇਸ਼ਨ ਆਨ ਕਰਕੇ ਆਪਣੇ ਨੇੜੇ ਤੇੜੇ ਹੋਣ ਵਾਲੀ ਅਜਿਹੀ ਗਤੀਵਿਧੀਆਂ ਦਾ ਪਤਾ ਲਗਾ ਸਕਦਾ ਹੈ।   

LEAVE A REPLY

Please enter your comment!
Please enter your name here