ਅੰਮ੍ਰਿਤਸਰ 09,ਮਈ (ਸਾਰਾ ਯਹਾਂ/ਬਿਊਰੋ ਨਿਊਜ਼): : ਪੀਐਸਪੀਸੀਐਲ ਦੇ ਇੰਜਨੀਅਰ ਸੋਹਣਾ ਸਿੰਘ ਤੇ ਮੋਹਣਾ ਸਿੰਘ, ਜੋ ਇੱਕ ਧੜ ਨਾਲ ਜੁੜੇ ਹੋਏ ਭਰਾ ਹਨ, ਦੀ ਬਦਲੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਉਨ੍ਹਾਂ ਦੀ ਮੰਗ ਉਤੇ ਮਾਨਾਂਵਾਲਾ ਬਿਜਲੀ ਦਫਤਰ ਦੀ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਉਕਤ ਦੋਵਾਂ ਭਰਾਵਾਂ ਨੂੰ ਵਿਸ਼ਵ ਪ੍ਰਸਿੱਧ ਸੰਸਥਾ ਭਗਤ ਪੂਰਨ ਸਿੰਘ ਪਿੰਗਲਵਾੜਾ ਨੇ ਪੜ੍ਹਾਇਆ ਤੇ ਪਾਲਣ ਪੋਸ਼ਣ ਕੀਤਾ ਹੈ। ਉਕਤ ਦੋਵੇਂ ਇਸ ਵੇਲੇ ਪਾਵਰ ਕਾਲੋਨੀ, ਮਜੀਠਾ ਰੋਡ ਅੰਮ੍ਰਿਤਸਰ ਵਿਖੇ ਆਰਟੀਐਮ ਦੀ ਪੋਸਟ ਉਤੇ ਤਾਇਨਾਤ ਹਨ ਤੇ ਅਜੇ ਵੀ ਪਿੰਗਲਵਾੜਾ ਦੇ ਮਾਨਾਂਵਾਲਾ ਸਥਿਤ ਕੈਂਪਸ ਵਿੱਚ ਰਹਿੰਦੇ ਹਨ।
ਅੱਜ ਦੋਵੇਂ ਭਰਾ ਹਰਭਜਨ ਸਿੰਘ ਈਟੀਓ ਨੂੰ ਉਨ੍ਹਾਂ ਦੀ ਰਿਹਾਇਸ਼ ਉਤੇ ਮਿਲੇ ਤੇ ਮਾਨਾਂਵਾਲਾ ਤੋਂ ਮਜੀਠਾ ਰੋਡ ਦਫਤਰ ਦੀ ਦੂਰੀ ਦੱਸ ਕੇ ਆਉਣ ਜਾਣ ਦੀ ਤਕਲੀਫ਼ ਦਾ ਜ਼ਿਕਰ ਕੀਤਾ। ਹਰਭਜਨ ਸਿੰਘ ਨੇ ਉਨ੍ਹਾਂ ਦੀ ਜਾਇਜ਼ ਮੰਗ ਸੁਣਦੇ ਹੋਏ ਪਟਿਆਲਾ ਸਥਿਤ ਪੀਐਸਪੀਸੀਐਲ ਦੇ ਮੁੱਖ ਦਫ਼ਤਰ ਨਾਲ ਰਾਬਤਾ ਕੀਤਾ ਤੇ ਤਰੁੰਤ ਉਕਤ ਦੋਵੇਂ ਭਰਾਵਾਂ ਦੀ ਬਦਲੀ ਮਾਨਾਂਵਾਲਾ ਕਰਨ ਲਈ ਕਿਹਾ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਆਰਟੀਐਮ ਤੋਂ ਐਸਐਸਏ ਲਗਾਉਣ ਦੀ ਹਦਾਇਤ ਵੀ ਕੀਤੀ, ਜਿਸ ਉੱਤੇ ਕਾਰਵਾਈ ਕਰਦੇ ਹੋਏ ਵਿਭਾਗ ਨੇ ਸੋਹਣਾ ਤੇ ਮੋਹਣਾ ਦੀ ਬਦਲੀ ਮਾਨਾਂਵਾਲਾ ਬਿਜਲੀ ਦਫਤਰ ਵਿਖੇ ਐਸਐਸਏ ਵਜੋਂ ਤਾਇਨਾਤ ਕਰ ਦਿੱਤਾ ਹੈ।