ਮਾਨਸਾ 28 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵੱਲੋਂ ਕੋਵਿਡ-19 ਦੀ ਬਿਮਾਰੀ ਤੋਂ ਬਚਾਅ ਲਈ ਸਿਹਤ ਸੰਸਥਾਵਾਂ ਅਤੇ ਕੋਟੜਾ ਕਲਾਂ, ਬੁਰਜ ਹਰੀ, ਫਰਮਾਹੀ, ਜਵਾਹਰਕੇ, ਖਿਆਲਾ ਕਲਾਂ, ਭੀਖੀ ਦੇ ਸਕੂਲਾਂ ਵਿੱਚ ਟੀਕਾਕਰਨ ਕੈਂਪ ਲਗਾਏ ਗਏ।
ਸੀਨੀਅਰ ਮੈਡੀਕਲ ਅਫਸਰ ਡਾ. ਹਰਚੰਦ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਈ ਨਿਰਵਿਘਨ ਜਾਰੀ ਰੱਖਣ ਲਈ ਮੁਕੰਮਲ ਟੀਕਾਕਰਨ ਬਹੁਤ ਜ਼ਰੂਰੀ ਹੈ। ਇਸ ਲਈ 30 ਅਪ੍ਰੈਲ ਨੂੰ ਵਿਦਿਆਰਥੀਆਂ ਲਈ ਨੂੰ ਵੱਡੇ ਪੱਧਰ ਤੇ ਵੱਖ ਵੱਖ ਸਕੂਲਾਂ ਵਿੱਚ ਮੈਗਾ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਵਾਧਾ ਹੋਇਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਨੇ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲਗਵਾ ਲਈ ਹੈ ਉਹ ਆਪਣੇ ਅਤੇ ਆਪਣੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਦੀ ਦੂਜੀ ਡੋਜ਼ ਵੀ ਲਾਜ਼ਮੀ ਲਗਵਾਉਣ ਤਾਂ ਜੋ ਕੋਰੋਨਾ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਮਾਲਵਾ ਸਕੂਲ ਖਿਆਲਾ ਕਲਾਂ ਵਿਖੇ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਟੀਕਾਕਰਨ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਾਨੂੰ ਜਨਤਕ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਮਾਸਕ ਦੀ ਵਰਤੋ ਜ਼ਰੂਰ ਕਰਨੀ ਚਾਹੀਦੀ ਹੈ, ਹੱਥਾਂ ਨੂੰ ਵਾਰ-ਵਾਰ ਸਾਬਣ ਪਾਣੀ ਨਾਲ ਧੋਣਾ, ਸੈਨੀਟਾਈਜ਼ਰ ਦੀ ਵਰਤੋਂ ਕਰਨਾ, ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਇਸ ਮੌਕੇ ਸਿਹਤ ਕਰਮਚਾਰੀ ਸਿੰਦਰ ਕੌਰ, ਗੁਰਪ੍ਰੀਤ ਕੌਰ ਤੋਂ ਇਲਾਵਾ ਸਕੂਲ ਸਟਾਫ ਮੌਜੂਦ ਰਿਹਾ।