ਚੰਡੀਗੜ੍ਹ 22,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): : ਸਾਬਕਾ ਸੀਐਮ ਚਰਨਜੀਤ ਚੰਨੀ ਨੇ ਅੱਜ ਪਹਿਲੀ ਵਾਰ ਚੋਣਾਂ ਵਿੱਚ ਹਾਰ ਨੂੰ ਲੈ ਕੇ ਨਵਜੋਤ ਸਿੱਧੂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਚੰਨੀ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਸੀ। ਅੰਤ ਵਿੱਚ ਮੇਰਾ ਸਿਰ ਸਿਹਰਾ (CM ਚਿਹਰਾ) ਬੰਨ੍ਹਿਆ ਗਿਆ ਸੀ। ਇਸ ਲਿਹਾਜ਼ ਨਾਲ ਹਾਰ ਦੀ ਜ਼ਿੰਮੇਵਾਰੀ ਮੇਰੀ ਹੈ। ਉਂਝ ਚੰਨੀ ਨੇ ਇਸ਼ਾਰਿਆਂ ਵਿੱਚ ਪੁੱਛਿਆ ਕਿ ਪਾਰਟੀ ਪ੍ਰਧਾਨ ਤੇ ਉਨ੍ਹਾਂ ਦੀ ਜ਼ਿੰਮੇਵਾਰੀ ਕੀ ਹੈ? ਮੈਂ ਇਸ ‘ਤੇ ਨਹੀਂ ਬੋਲਾਂਗਾ। ਚੰਨੀ ਦਾ ਬਿਆਨ ਸਿੱਧੂ ਦੇ ਉਨ੍ਹਾਂ ਸ਼ਬਦਾਂ ‘ਤੇ ਹੈ, ਜਿਸ ‘ਚ ਉਨ੍ਹਾਂ ਨੇ ਚੰਨੀ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਦੱਸ ਦਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਂਗਰਸ ਪ੍ਰਧਾਨ ਬਣਦਿਆਂ ਹੀ ਪਾਰਟੀ ਅੰਦਰ ਮੁੜ ਹਿੱਲਜੁਲ ਹੋਣੀ ਸ਼ੁਰੂ ਹੋ ਗਈ ਹੈ। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਰਾਜਾ ਵੜਿੰਗ ਦੇ ਤਾਜਪੋਸ਼ੀ ਸਮਾਗਮ ਵਿੱਚ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉੱਪਰ ਨਿਸ਼ਾਨਾ ਸਾਧਿਆ। ਨਵਜੋਤ ਸਿੱਧੂ ਨੇ ਵਿਧਾਨ ਸਭਾ ਵਿੱਚ ਚੋਣਾਂ ਲਈ ਮਾਫੀਆ ਰਾਜ ਨੂੰ ਜ਼ਿਮੇਵਾਰ ਦੱਸਦਿਆਂ ਇਸ ਵਿੱਚ ਸਾਬਕਾ ਮੁੱਖ ਮੰਤਰੀਆਂ ਦੇ ਸ਼ਾਮਲ ਹੋਣ ਦਾ ਵੀ ਇਸ਼ਾਰਾ ਕੀਤਾ।
ਕੀ ਬੋਲੇ ਸੀ ਨਵਜੋਤ ਸਿੱਧੂ
ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਪੰਜ ਸਾਲਾਂ ਦੇ ਮਾਫੀਆ ਰਾਜ ਕਾਰਨ ਹਾਰੀ ਹੈ। ਮਾਫੀਆ ਨਾਲ ਲੜਾਈ ਕਿਸੇ ਇੱਕ ਵਿਅਕਤੀ ਖਿਲਾਫ ਨਹੀਂ ਸਗੋਂ ਸਿਸਟਮ ਖਿਲਾਫ ਸੀ। ਇਸ ਦੇ ਪਿੱਛੇ ਕੁਝ ਲੋਕ ਸਨ ਜਿਨ੍ਹਾਂ ਵਿੱਚ ਮੁੱਖ ਮੰਤਰੀ ਵੀ ਸ਼ਾਮਲ ਹੋ ਸਕਦੇ ਹਨ। ਅੱਜ ਵੀ ਪੰਜਾਬ ਦੀ ਹੋਂਦ ਦੀ ਲੜਾਈ ਹੈ, ਕਿਸੇ ਅਹੁਦੇ ਲਈ ਨਹੀਂ। ਜਿਸ ਦਿਨ ਪੰਜਾਬ ‘ਚੋਂ ਮਾਫੀਆ ਖਤਮ ਹੋ ਜਾਵੇਗਾ, ਸੂਬਾ ਫਿਰ ਤੋਂ ਖੜ੍ਹਾ ਹੋ ਜਾਵੇਗਾ।
ਸਿੱਧੂ ਨੇ ਰਾਜਾ ਵੜਿੰਗ ਦੀ ਹਮਾਇਤ ਕਰਦਿਆਂ ਕਿਹਾ ਕਿ ਕਾਂਗਰਸ ਸਨਮਾਨ ਦਿੰਦੀ ਆਈ ਹੈ, ਇੱਥੇ ਉਮਰ ਦਾ ਕੋਈ ਤਕਾਜਾ ਨਹੀਂ। ਇੱਕ ਪਦਵੀ ਹੈ, ਜਿਸ ਦੀ ਇੱਜ਼ਤ ਹੈ ਤੇ ਸਭ ਨੂੰ ਉਸ ਕੁਰਸੀ ਦੇ ਹੇਠਾਂ ਰਹਿ ਕੇ ਕੰਮ ਕਰਨਾ ਪੇਏਗਾ ਪਰ ਵਿਅਕਤੀਗਤ ਤੌਰ ‘ਤੇ ਮੇਰਾ ਇਹ ਵਿਚਾਰ ਹੈ ਕਿ ਕਾਂਗਰਸ ਨੂੰ ਰੀ-ਇਨਵੈਸਟ ਕਰਨਾ ਪਏਗਾ।