ਹਰ ਵਰਗ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਰਾਜ ਸਰਕਾਰ ਦਾ ਮੁੱਖ ਟੀਚਾ : ਗੁਰਪ੍ਰੀਤ ਸਿੰਘ ਬਣਾਂਵਾਲੀ

0
26

ਮਾਨਸਾ/ਸਰਦੂਲਗੜ, 20 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ਼੍ਰੀ ਵਿਜੈ ਸਿੰਗਲਾ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਮਾਨਸਾ ਵੱਲੋਂ ਸਬ-ਡਵੀਜ਼ਨ ਹਸਪਤਾਲ ਸਰਦੂਲਗੜ ਵਿਖੇ ਬਲਾਕ ਪੱਧਰੀ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ।  ਸਿਹਤ ਮੇਲੇ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਹਲਕਾ ਵਿਧਾਇਕ ਸਰਦੂਲਗੜ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਅਜਿਹੇ ਸਿਹਤ ਮੇਲੇ ਲਗਾਉਣ ਦਾ ਮੰਤਵ ਲੋਕਾਂ ਨੂੰ ਘਰਾਂ ਦੇ ਨੇੜੇ ਸੁਵਿਧਾ ਮਹੁੱਈਆ ਕਰਵਾਉਣਾ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਰੇਕ ਬਲਾਕ ਪੱਧਰ ’ਤੇ ਇਹ ਮੇਲੇ ਲਗਾਏ ਜਾ ਰਹੇ ਹਨ ਅਤੇ ਚੰਗੀਆਂ ਸਿਹਤ ਸੇਵਾਵਾਂ ਦੇਣਾ ਸਰਕਾਰ ਦਾ ਮੁੱਖ ਟੀਚਾ ਹੈ। ਉਨਾਂ ਕਿਹਾ ਕਿ ਸਰਦੂਲਗੜ ਵਿਖੇ ਲੱਗੇ ਦੂਜੇ ਬਲਾਕ ਪੱਧਰੀ  ਸਿਹਤ ਮੇਲੇ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆ ਹਨ ਅਤੇ ਮੁਫਤ ਲੈਬਾਰਟਰੀ ਟੈਸਟ ਵੀ ਕੀਤੇ ਜਾਣਗੇ। ਉਨਾਂ ਕਿਹਾ ਕਿ ਸਿਹਤ ਮੇਲੇ ਵਿੱਚ ਹੋਮਿਓਪੈਥਿਕ ਆਯੁਵੈਦਿਕ ਦੇ ਮਾਹਿਰ ਡਾਕਟਰਾਂ ਵੱਲੋਂ ਵੀ ਮਰੀਜ਼ਾਂ ਦਾ ਚੈੱਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਖ਼ਾਸ ਤੌਰ ’ਤੇ ਅੱਖਾਂ ਦੇ ਮਾਹਰ ਡਾਕਟਰਾਂ ਵੱਲੋਂ ਚਿੱਟੇ ਮੋਤੀਏ ਦੇ ਮਰੀਜ਼ਾਂ ਦੀ ਪਛਾਣ ਕਰਕੇ ਮਰੀਜ਼ ਦੀ ਹਾਲਤ ਅਨੁਸਾਰ ਲਗਾਤਾਰ ਦਵਾਈ ਲੈਣ, ਐਨਕ ਲਗਾਓਣ ਜਾਂ ਅਪਰੇਸ਼ਨ ਕਰਾਉਣ ਦੀ ਸਲਾਹ ਦਿੱਤੀ ਗਈ । ਇਸ ਮੌਕੇ ਐਸ.ਡੀ.ਐਮ. ਸਰਦੂਲਗੜ ਮਨੀਸ਼ਾ ਰਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਬਲਾਕ ਪੱਧਰੀ ਸਿਹਤ ਮੇਲੇ ਲਗਾਏ ਜਾ ਰਹੇ ਹਨ ਅਤੇ ਇਨਾਂ ਮੇਲਿਆਂ ਵਿੱਚ ਜਿੱਥੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਇਲਾਜ ਕਰਕੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਵੱਖ-ਵੱਖ ਕਾਊਂਟਰ ਲਗਾ ਕੇ ਲੋਕਾਂ

ਨੂੰ ਬਿਮਾਰੀਆਂ ਤੋਂ ਬਚਣ ਸਬੰਧੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਅੱਜ ਲਗਾਏ ਗਏ ਇਸ ਮੇਲੇ ਦਾ 991 ਮਰੀਜ਼ਾਂ ਨੇ ਲਾਹਾ ਲਿਆ। ਉਨਾਂ ਦੱਸਿਆ ਕਿ 22 ਅਪ੍ਰੈਲ ਨੂੰ ਬੁਢਲਾਡਾ ਵਿਖੇ ਸਿਹਤ ਮੇਲਾ ਲਗਾਇਆ ਜਾਵੇਗਾ। ਕਾਰਜਕਾਰੀ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ’ਤੇ ਕਾਬੂ ਪਾਉਣ ਲਈ ਇਹ ਸਿਹਤ ਮੇਲਾ ਲਗਾਇਆ ਗਿਆ। ਉਨਾਂ ਦੱਸਿਆ ਕਿ ਗਰਮੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਮਲੇਰੀਆ ਡੇਂਗੂ ਅਜਿਹੀਆਂ ਬਿਮਾਰੀਆਂ ’ਤੇ ਕਾਬੂ ਪਾਉਣ ਲਈ 18 ਅਪ੍ਰੈਲ ਤੋਂ 25 ਅਪ੍ਰੈਲ ਤੱਕ ਮਲੇਰੀਆ ਹਫ਼ਤਾ ਮਨਾਇਆ ਜਾ ਰਿਹਾ ਹੈ, ਤਾਂ ਜੋ ਮਲੇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਜੜ ਤੋਂ ਖ਼ਤਮ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਜ਼ਿਲਾ ਮਾਨਸਾ ਵਿਖੇ 23 ਅਪਰੈਲ ਨੂੰ ਜ਼ਿਲਾ ਪੱਧਰੀ ਸਮਾਗਮ ਵੀ ਕੀਤਾ ਜਾ ਰਿਹਾ ਹੈ।  ਇਸ ਮੌਕੇ ਡਾ.ਵੇਦ ਪ੍ਰਕਾਸ ਸੀਨੀਅਰ ਮੈਡੀਕਲ ਅਫਸਰ ਸਰਦੂਲਗੜ, ਸ਼੍ਰੀ ਸੰਤੋਸ਼ ਭਾਰਤੀ ਜ਼ਿਲਾ ਐਪੀਡਮੋਲੋਜਿਸਟ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ ।    

LEAVE A REPLY

Please enter your comment!
Please enter your name here