ਮਾਨਸਾ, 18 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ) :ਪੰਜਾਬ ਸਰਕਾਰ ਵੱਲੋ ਹਰ ਵਰਗ ਦੇ ਲੋਕਾਂ ਨੰੂ ਚੰਗੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹਰੇਕ ਜ਼ਿਲੇ ਅੰਦਰ ਬਲਾਕ ਪੱਧਰ ’ਤੇ ਸਿਹਤ ਮੇਲੇ ਲਗਾਉਣਾ ਇਕ ਸ਼ਲਾਘਾਯੋਗ ਕਾਰਜ਼ ਹੈ। ਬਲਾਕਾਂ ਅੰਦਰ ਲੱਗਣ ਵਾਲੇ ਸਿਹਤ ਮੇਲੇ ਪਿੰਡਾਂ ਦੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਲਈ ਕਾਫੀ ਲਾਹੇਵੰਦ ਸਾਬਿਤ ਹੋਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸੀ.ਐਚ.ਸੀ. ਖਿਆਲਾਂ ਕਲਾਂ ਵਿਖੇ ਲੱਗੇ ਸਿਹਤ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਹਸਪਤਾਲ ਅੰਦਰ ਰੱਖੇ ਸਾਦੇ ਸਮਾਗਮ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆ ਕੀਤਾ।ਸ੍ਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਕੋਂ ਥਾਂ ਤੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆ ਦੇਣ ਨਾਲ ਮਰੀਜ਼ਾਂ ਦੇ ਸਮੇਂ ਦੀ ਕਾਫੀ ਬੱਚਤ ਹੋੇਵੋਗੀ। ਉਨਾਂ ਕਿਹਾ ਕਿ ਪਿੰਡਾਂ ਦੇ ਕਈਂ ਬਜ਼ਰੁਗ ਜਾਂ ਛੋਟੇ ਬੱਚੇ ਘਰੇਲੂ ਸਮੱਸਿਆਵਾਂ ਕਾਰਣ ਹਸਪਤਾਲ ਨਹੀ ਜਾ ਸਕਦੇ, ਅਜਿਹੀਆਂ ਸਮੱਸਿਆਵਾਂ ਨੂੰ ਦੇਖ ਕੇ ਰਾਜ ਸਰਕਾਰ ਵੱਲੋਂ ਹਰੇਕ ਜ਼ਿਲੇ ਅੰਦਰ ਬਲਾਕ ਪੱਧਰ ’ਤੇ ਸਿਹਤ ਮੇਲੇ ਲਗਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਸਿਹਤ ਮੇਲੇ ਵਿਚ ਆਉਣ ਵਾਲੇ ਹਰੇਕ ਮਰੀਜ਼ ਦਾ ਚੰਗੇ ਤਰੀਕੇ ਚੈਕਅੱਪ, ਟੈਸਟ. ਦਵਾਈਆਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੀ.ਐਚ.ਸੀ. ਖਿਆਲਾ ਕਲਾਂ ਵਿਖੇ ਕਰੀਬ 900 ਮਰੀਜ਼ਾਂ ਨੇ ਮਾਹਿਰ ਡਾਕਟਰਾਂ ਤੋਂ ਆਪਣੀ ਸਰੀਰਕ ਜਾਂਚ ਕਰਵਾ ਕੇ ਸਿਹਤ ਮੇਲੇ ਦਾ ਲਾਭ ਲਿਆ ਹੈ। ਉਨਾ ਦੱਸਿਆ ਕਿ 20 ਅਪ੍ਰੈਲ ਨੂੰ ਸਰਦੂਲਗੜ ਅਤੇ 22 ਅਪ੍ਰੈਲ ਨੂੰ ਬੁਢਲਾਡਾ ਵਿਖੇ ਅਜਿਹੇ ਸਿਹਤ ਮੇਲੇ ਲਗਾਏ ਜਾਣਗੇ, ਜਿਨਾਂ ਦਾ ਨੇੜਲੇ ਪਿੰਡਾਂ ਅਤੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸਿਹਤ ਮੇਲੇ ਦੌਰਾਨ ਮਾਹਿਰ ਡਾਕਟਰਾਂ ਅਤੇ ਸਿਹਤ ਜਾਂਚ ਲਈ ਪਹੁੰਚੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਸਿਹਤ ਮੇਲੇ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਸ੍ਰੀ ਜਸਪ੍ਰੀਤ ਸਿੰਘ ਵੱਲੋਂ ਸੀ.ਐਚ.ਸੀ ਖਿਆਲਾਂ ਕਲਾਂ ਦੇ ਹਸਪਤਾਲ ਦੇ ਪ੍ਰਬੰਧਾਂ ਅਤੇ ਹੋਰ ਸਿਹਤ ਸੁਵਿਧਾਵਾਂ ਦਾ ਜਾਇਜ਼ਾ ਲਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਕਾਰਜ਼ਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ, ਐਸ.ਐਮ.ਓ ਖਿਆਲਾ ਕਲਾਂ ਹਰਦੀਪ ਸ਼ਰਮਾ, ਡਾ. ਅਰਸ਼ਦੀਪ ਸਿੰਘ, ਕੇਵਲ ਸਿੰਘ, ਸੰਦੀਪ ਸਿੰਘ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ, ਆਸ਼ਾ ਵਰਕਰ, ਏ.ਐਨ.ਐਮ ਅਤੇ ਹੋਰ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।