ਚੰਡੀਗੜ੍ਹ 14,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): : ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਸੰਕਟ ਜਾਰੀ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਪੂਰੀ ਤਰ੍ਹਾਂ ਬੰਦ ਹੋਣ ਤੇ ਤਲਵੰਡੀ ਸਾਬੋ ਤੇ ਰੋਪੜ ਵਿਖੇ ਇੱਕ-ਇੱਕ ਯੂਨਿਟ ਮੁਕੰਮਲ ਤੌਰ ‘ਤੇ ਬੰਦ ਹੋਣ ਕਾਰਨ ਸੂਬੇ ‘ਚ ਬਿਜਲੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਬੁੱਧਵਾਰ ਨੂੰ ਪੈ ਰਹੀ ਕੜਾਕੇ ਦੀ ਗਰਮੀ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ 7500 ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ, ਜਦੋਂਕਿ ਪਾਵਰਕੌਮ ਦੇ ਕੋਲ ਸਾਰੇ ਸਰੋਤਾਂ ਤੋਂ ਬਿਜਲੀ ਦੀ ਉਪਲਬਧਤਾ ਸਿਰਫ਼ 4400 ਮੈਗਾਵਾਟ ਦੇ ਕਰੀਬ ਹੀ ਹੈ।
ਦੱਸ ਦਈਏ ਕਿ ਬੇਸ਼ੱਕ ਪਾਵਰਕੌਮ ਨੇ ਇਸ ਪਾੜੇ ਨੂੰ ਪੂਰਾ ਕਰਨ ਲਈ ਬਾਹਰੋਂ ਬਿਜਲੀ ਮੰਗਵਾਈ, ਪਰ ਲੋੜੀਂਦੀ ਸਪਲਾਈ ਨਾ ਹੋਣ ਕਾਰਨ ਬੁੱਧਵਾਰ ਨੂੰ ਪੇਂਡੂ ਖੇਤਰਾਂ ਵਿੱਚ ਚਾਰ ਤੋਂ ਪੰਜ ਘੰਟੇ ਤੇ ਕੰਢੀ ਖੇਤਰਾਂ ਵਿੱਚ ਛੇ ਘੰਟੇ ਬਿਜਲੀ ਦਾ ਕੱਟ ਲਾਉਣਾ ਪਿਆ। ਉਂਝ ਬਿਜਲੀ ਮਹਿਕਮਾ ਕੱਟ ਲਾਉਣ ਦੇ ਐਲਾਨ ਤੋਂ ਇਨਕਾਰ ਕਰ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਇਸ ਸਮੇਂ ਤਲਵੰਡੀ ਸਾਬੋ ‘ਚ ਡੇਢ ਦਿਨ, ਰੋਪੜ ‘ਚ 9, ਲਹਿਰਾ ਮੁਹੱਬਤ ‘ਚ 7, ਰਾਜਪੁਰਾ ‘ਚ 15 ਦਿਨਾਂ ਦਾ ਕੋਲਾ ਮੌਜੂਦ ਹੈ, ਜਦੋਂਕਿ ਇਸ ਪਲਾਂਟ ਦੇ ਦੋ ਯੂਨਿਟ ਕੋਲਾ ਖ਼ਤਮ ਹੋਣ ਕਾਰਨ ਮੰਗਲਵਾਰ ਨੂੰ ਬੰਦ ਹੋ ਗਏ ਹਨ, ਜੋ ਬੁੱਧਵਾਰ ਨੂੰ ਵੀ ਬੰਦ ਰਹੇ। ਇਸ ਨਾਲ ਸਿੱਧੇ ਤੌਰ ‘ਤੇ 540 ਮੈਗਾਵਾਟ ਦੀ ਬਿਜਲੀ ਸਪਲਾਈ ਘਟ ਗਈ। ਬੁੱਧਵਾਰ ਨੂੰ ਵੀ ਤਲਵੰਡੀ ਸਾਬੋ ਵਿੱਚ 660 ਮੈਗਾਵਾਟ ਦਾ ਇੱਕ ਯੂਨਿਟ ਤੇ ਰੋਪੜ ਵਿੱਚ 210 ਮੈਗਾਵਾਟ ਦਾ ਇੱਕ ਯੂਨਿਟ ਬੰਦ ਰਿਹਾ। ਇਸ ਤਰ੍ਹਾਂ ਕੁੱਲ 1410 ਮੈਗਾਵਾਟ ਬਿਜਲੀ ਦੀ ਸਪਲਾਈ ਨਹੀਂ ਹੋ ਸਕੀ।
ਬਿਜਲੀ ਮਹਿਕਮੇ ਦੀ ਸੂਤਰਾਂ ਮੁਤਾਬਕ ਕਹਿਰ ਦੀ ਗਰਮੀ ਕਾਰਨ ਸੂਬੇ ‘ਚ ਬੁੱਧਵਾਰ ਨੂੰ ਬਿਜਲੀ ਦੀ ਮੰਗ 7500 ਮੈਗਾਵਾਟ ਤੋਂ ਪਾਰ ਹੋਈ। ਇਸ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ ਆਪਣੇ ਥਰਮਲਾਂ ਰੋਪੜ ਤੇ ਲਹਿਰਾ ਮੁਹੱਬਤ ਤੋਂ 1400 ਮੈਗਾਵਾਟ, ਹਾਈਡਲ ਪ੍ਰਾਜੈਕਟਾਂ ਤੋਂ 420 ਮੈਗਾਵਾਟ, ਨਿੱਜੀ ਪਲਾਂਟਾਂ ਤੋਂ 2506 ਮੈਗਾਵਾਟ ਤੇ ਸੋਲਰ ਅਤੇ ਹੋਰ ਸਰੋਤਾਂ ਤੋਂ ਕੁੱਲ 4400 ਮੈਗਾਵਾਟ ਬਿਜਲੀ ਹਾਸਲ ਕੀਤੀ। ਅਜਿਹੀ ਸਥਿਤੀ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕਰੀਬ 2900 ਮੈਗਾਵਾਟ ਬਿਜਲੀ ਬਾਹਰੋਂ ਖਰੀਦੀ ਪਰ ਫਿਰ ਵੀ ਮੰਗ ਅਤੇ ਸਪਲਾਈ ਦੇ ਪਾੜੇ ਕਾਰਨ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਕਟੌਤੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਨਾਲ ਹੀ ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੂਨ ਤੋਂ ਪਾਵਰਕੌਮ ਆਪਣੀ ਪਛਵਾੜਾ (ਝਾਰਖੰਡ) ਖਾਨ ਵਿੱਚੋਂ ਕੋਲੇ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਇਸ ਨਾਲ ਸਥਿਤੀ ਵਿੱਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਬਿਜਲੀ ਖਰੀਦ ਸਮਝੌਤੇ ਵੀ ਕੀਤੇ ਗਏ ਹਨ।