*ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਕੈਬਨਿਟ ਮੰਤਰੀ*

0
101

ਮਾਨਸਾ, 04 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ) :  ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਸਰਕਾਰੀ ਹਸਪਤਾਲਾਂ ਅੰਦਰ ਲੋੜੀਂਦੇ ਇਲਾਜ, ਦਵਾਈਆਂ ਅਤੇ ਹੋਰ ਸੁਵਿਧਾਵਾਂ ਤੋਂ ਵਾਂਝਾਂ ਨਾ ਰਹੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ (ਪੰਜਾਬ) ਡਾ. ਵਿਜੇ ਸਿੰਗਲਾ ਨੇ ਸਥਾਨਕ ਜੱਚਾ-ਬੱਚਾ ਸਿਵਲ ਹਸਪਤਾਲ ਵਿਖੇ ਮਿਸ਼ਨ ਇੰਦਰਧਨੁਸ਼ ਤਹਿਤ ਕੀਤੇ ਜਾ ਰਹੇ ਟੀਕਾਕਰਨ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਦਿਆਂ ਕੀਤਾ। ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟਖੋਰੀ ਕਰਨ ਵਾਲੇ ਮਾੜੇ ਅਨਸਰਾਂ ’ਤੇ ਪੂਰੀ ਤਰਾਂ ਸਿਕੰਜ਼ਾ ਕੱਸੇਗੀ, ਜਿਸਦੇ ਲਈ ਲੋਕਾਂ ਦਾ ਸਹਿਯੋਗ ਅਤਿ ਜਰੂਰੀ ਹੈ। ਉਨਾਂ ਕਿਹਾ ਕਿ ਰਾਜ ਦੇ ਸਰਕਾਰੀ ਹਸਪਤਾਲ ਅੰਦਰਾਂ ਡਾਕਟਰਾਂ ਸਮੇਤ ਹੋਰ ਲੋੜੀਂਦੇ ਸਟਾਫ ਦੀ ਆਉਣ ਵਾਲੇ ਸਮੇਂ ਜੇਕਰ ਕੋਈ ਕਮੀ ਮਹਿਸੂਸ ਹੋਈ, ਤਾਂ ਪਹਿਲਕਦਮੀ ਨਾਲ ਪੂਰਾ ਕੀਤਾ ਜਾਵੇਗਾ। ਉਨਾਂ ਡਾਕਟਰਾਂ ਸਮੇਤ ਸਮੁੱਚੇ ਸਿਹਤ ਕਾਮਿਆਂ ਨੂੰ ਸਮੇਂ ਸਮੇਂ ਰਾਜ ਸਰਕਾਰ ਵੱਲੋ ਲੋੜਵੰਦ ਲੋਕਾਂ ਲਈ ਉਲੀਕਿਆ ਸਿਹਤ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਹਰੇਕ ਲੋੜਵੰਦ ਵਿਅਕਤੀ ਦਾ ਸਸਤਾ ਅਤੇ ਮਿਆਰੀ  ਇਲਾਜ ਹੋ ਸਕੇ। ਸਿਹਤ ਮੰਤਰੀ ਨੇ ਮਿਸ਼ਨ ਇੰਦਰਧਨੁਸ਼ ਤਹਿਤ ਰੋਜ਼ਾਨਾਂ ਦੀਆਂ ਬਿਮਾਰੀਆਂ ਦੇ ਲੱਗਣ ਵਾਲੇ ਮੁਫ਼ਤ ਟੀਕਾਕਰਨ ਤੋਂ ਵਾਂਝੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਸਮੇਂ ਨਾਲ ਟੀਕਾਕਰਣ ਕਰਵਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਦਵਾਈਆਂ ਦੀ ਆੜ ਅੰਦਰ ਜੇਕਰ ਕਿਸੇ ਭੈੜੇ ਵਿਅਕਤੀ ਵੱਲੋਂ ਨਸ਼ਿਆ ਦਾ ਕਾਰੋਬਾਰ ਕਰਨ ਦੀ ਗੱਲ ਸਾਹਮਣੇ ਆਈ ਤਾਂ ਅਜਿਹਾ ਦੋਸ਼ੀ ਹਮਦਰਦੀ ਦੀ ਬਿਲਕੁੱਲ ਵੀ ਆਸ ਨਾ ਰੱਖੇ। ਉਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਦੇ ਸੁਨਿਹਰੇ ਭਵਿੱਖ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਸਮੇਂ ਪਹਿਰਾ ਦੇਣ ਲਈ ਦਿ੍ਰੜ ਸੰਕਲਪ ਹੈ।  ਇਸ ਤੋਂ ਪਹਿਲਾ ਕੈਬਨਿਟ ਮੰਤਰੀ ਸ੍ਰੀ ਵਿਜੈ ਸਿੰਗਲਾ ਵੱਲੋਂ ਖੁਦ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਕਾਰਗਰ ਬੂਸ਼ਟਰ ਡੋਜ਼ ਲਗਵਾਈ ਗਈ। ਉਨਾਂ ਜ਼ਿਲਾ ਵਾਸੀਆਂ ਸਮੇਤ ਸਮੁੱਚੇ ਪੰਜਾਬ ਵਾਸੀਆਂ ਨੂੰ ਕੋਵਿਡ-19 ਦੇ ਦੋਵੇਂ ਟੀਕੇ ਲਗਵਾਉਣ ਤੋਂ ਬਾਅਤ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਬੂਸਟਰ ਡੋਜ਼ ਲਗਾਉਣ ਦੀ ਅਪੀਲ ਕੀਤੀ, ਤਾਂ ਜੋ ਕੋਵਿਡ ਮਹਾਂਮਾਰੀ ਤੋਂ ਖੁਦ ਅਤੇ ਆਪਣੇ ਆਲੇ-ਦੁਆਲੇ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਮੌਕੇ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਬੱਚਿਆਂ ਦੇ ਟੀਕਾਕਰਨ ਵਿੱਚ ਪਏ ਪਾੜੇ ਨੂੰ ਪੂਰਾ ਕਰਨ ਲਈ ਮਾਰਚ ਤੋਂ ਮਈ 2022 ਤੱਕ ਮਿਸ਼ਨ ਇੰਦਰਧਨੁਸ਼ ਤਹਿਤ 3 ਗੇੜਾਂ ਵਿੱਚ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲੇ ਗੇੜ ਦੌਰਾਨ 7 ਮਾਰਚ 2022 ਤੋਂ ਇਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਦੂਜੇ ਗੇੜ ਦੀ ਸ਼ੁਰੂਆਤ ਅੱਜ 4 ਅਪ੍ਰੈਲ ਨੂੰ ਕੈਬਨਿਟ ਮੰਤਰੀ ਸ਼੍ਰੀ ਵਿਜੇ ਸਿੰਗਲਾ ਵੱਲੋਂ ਕੀਤੀ ਗਈ ਅਤੇ ਤੀਜਾ ਗੇੜ ਮਈ ਮਹੀਨੇ ਵਿੱਚ ਸ਼ੁਰੂ ਕੀਤਾ ਜਾਵੇਗਾ।  ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ, ਸੀਨੀਅਰ ਮੈਡੀਕਲ ਅਫ਼ਸਰ ਮਾਨਸਾ ਹਰਭਜਨ ਸਿੰਘ, ਡਾ. ਰੂਬੀ, ਡਾ. ਪੰਕਜ਼ ਗਰਗ, ਡਾ. ਕਮਲਦੀਪ, ਡਾ. ਵਰੁਣ ਮਿੱਤਲ, ਡਾ. ਵਿਕਰਮ ਕਟੋਦੀਆਂ, ਡਾ. ਸੁਬੋਧ ਗੁਪਤਾ ਸਮੇਤ ਹੋਰ ਅਧਿਕਾਰੀ ਅਤੇ ਸਟਾਫ਼ ਹਾਜ਼ਰ ਸਨ।

LEAVE A REPLY

Please enter your comment!
Please enter your name here