ਜਲੰਧਰ 26,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਭ੍ਰਿਸ਼ਟਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਤਹਿਸੀਲ ਕਲਰਕ ਮੀਨੂੰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਜਾਰੀ ਹੁਕਮ ਅਨੁਸਾਰ ਮੁਅੱਤਲ ਕੀਤੀ ਕਲਰਕ ਦਾ ਹੈੱਡਕੁਆਰਟਰ ਤਹਿਸੀਲ ਨਕੋਦਰ ਹੋਵੇਗਾ।
ਚੇਤੇ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਰੋਕਣ ਲਈ ਜਾਰੀ ਕੀਤੇ ਗਏ ਨੰਬਰ ’ਤੇ ਆਈ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਜਲੰਧਰ ਤਹਿਸੀਲ ਦਫਤਰ ਵਿਚ ਕਲਰਕ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
ਪੰਜਾਬ ਨੂੰ ਰਿਸ਼ਵਤ ਮੁਕਤ ਕਰਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਇਹ ਪਹਿਲੀ ਕਾਰਵਾਈ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਉੱਗੀ ਪਿੰਡ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਨੇ ਇਹ ਸ਼ਿਕਾਇਤ ਕੀਤੀ ਸੀ।
ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਬਜ਼ੀ ਵੇਚਦਾ ਹੈ ਤੇ ਉਸ ਦੀ ਧੀ ਨੂੰ ਨੌਕਰੀ ਦੁਆਉਣ ਲਈ ਕਲਰਕ ਮੀਨੂੰ ਨੇ ਉਸ ਕੋਲੋਂ ਸਾਢੇ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਕਲਰਕ ਮੀਨੂੰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।