ਪਟਿਆਲਾ 22,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼):: ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਰਾਜ ਸਭਾ ਵਿੱਚ ਕੋਈ ਵੀ ਪੰਜਾਬੀ ਨਾ ਭੇਜਣ ‘ਤੇ ਕਿਤੇ ਨਾ ਕਿਤੇ ਪੰਜਾਬੀਆਂ ਦੇ ਦਿਲਾਂ ‘ਤੇ ਸੱਟ ਮਾਰੀ ਹੈ। ਡਾ. ਗਾਂਧੀ ਨੇ ਵੀ ਕਿਹਾ ਕਿ ਰਾਜ ਸਭਾ ਦੇ ਵਿੱਚ ਜਿਹੜੇ ਵੀ ਲੋਕ ਜਾਂਦੇ ਹਨ ,ਅਕਸਰ ਹੀ ਕਿਹਾ ਜਾਂਦਾ ਹੈ ਕਿ ਉਹ ਪਾਰਟੀ ਸਿਫ਼ਾਰਸ਼ ਦੇ ਆਧਾਰ ‘ਤੇ ਭੇਜਦੀ ਹੈ। ਇਸ ਦੇ ਨਾਲ ਹੀ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਬਾਰੇ ਖੁੱਲ੍ਹ ਕੇ ਬੋਲਦਿਆਂ ਹੋਇਆ ਡਾ. ਗਾਂਧੀ ਨੇ ਕਿਹਾ ਕਿ ਅਜਿਹੇ ਮਸ਼ਹੂਰ ਚਿਹਰਿਆਂ ਨੂੰ ਪੰਜਾਬ ਨੂੰ ਕੀ ਦੇਣ ਹੈ ਤੇ ਨਾ ਹੀ ਪੰਜਾਬ ਦੇ ਭਲੇ ਦੀ ਕੋਈ ਗੱਲ ਕਰ ਸਕਦੇ ਹਨ।
ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਇਨ੍ਹਾਂ ਚੁਣੇ ਗਏ ਰਾਜ ਸਭਾ ਮੈਂਬਰਾਂ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਵੀ ਚਿਹਰਾ ਅਰਵਿੰਦ ਕੇਜਰੀਵਾਲ ਨੇ ਸਾਹਮਣੇ ਨਹੀਂ ਲਿਆਂਦਾ। ਸਾਬਕਾ ਐਮਪੀ ਡਾ. ਧਰਮਵੀਰ ਗਾਂਧੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਭਲੇ ਦੀ ਕਰਨ ਵਾਲੇ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਨ ਵਾਲੇ ਕਈ ਅਹਿਮ ਚਿਹਰੇ ਸਨ, ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਸਾਹਮਣੇ ਲਿਆ ਕੇ ਪੰਜਾਬ ਦੇ ਭਲੇ ਦੀ ਗੱਲ ਹੋ ਸਕਦੀ ਸੀ।
ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਹੋਇਆ ਹੈ। ਅਰਵਿੰਦ ਕੇਜਰੀਵਾਲ ਦੇ ਦਿੱਲੀ ਤੋਂ ਆਰਡਰ ਕਰਕੇ ਪੰਜਾਬ ਵਾਸੀਆਂ ਨੂੰ ਰਾਜ ਸਭਾ ਵਿੱਚ ਥਾਂ ਨਹੀਂ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਭਗਵੰਤ ਮਾਨ ਉਪਰ ਤੰਜ ਕਸਦਿਆਂ ਕਿਹਾ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਪੈਰਾ ਵਿੱਚ ਪੈ ਕੇ ਪੰਜਾਬ ਦੀ ਰਾਜਨੀਤੀ ਕਰ ਰਿਹਾ ਹੈ। ਇਸ ਦੇ ਨਾਲ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਹਨ ,ਉਨ੍ਹਾਂ ਨੂੰ ਸਾਰਿਆਂ ਨੂੰ ਲਿਖ ਕੇ ਪੰਜਾਬ ਦੇ ਨਾਲ ਸਬੰਧ ਰੱਖਣ ਵਾਲਾ ਰਾਜ ਸਭਾ ਦੇ ਵਿੱਚ ਭੇਜਣਾ ਚਾਹੀਦਾ ਹੈ ,ਜੋ ਪੰਜਾਬ ਤੇ ਪੰਜਾਬੀਅਤ ਦੇ ਭਲੇ ਦੀ ਗੱਲ ਕਰ ਸਕੇ
ਆਮ ਆਦਮੀ ਪਾਰਟੀ ਵੱਲੋਂ ਜੋ ਨਵੇਂ ਚੁਣੇ ਗਏ ਕੈਬਨਿਟ ਮੰਤਰੀ ਬਣਾਏ ਗਏ ਹਨ, ਉਸ ‘ਤੇ ਬੋਲਦੇ ਹੋਏ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪੁਰਾਣੇ ਵਰਕਰਾਂ ਨੂੰ ਅਣਗੌਲਾ ਕੀਤਾ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਮੰਤਰੀ ਲਗਾਇਆ ਜਾ ਰਿਹਾ ਹੈ, ਜੋ ਉਨ੍ਹਾਂ ਦੀ ਕਠਪੁਤਲੀ ਬਣ ਕੇ ਉਨ੍ਹਾਂ ਦਾ ਕੰਮ ਕਰਨ। ਵਿਧਾਨ ਸਭਾ ਦੇ ਵਿੱਚ ਡਾ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਉਣ ‘ਤੇ ਬੋਲਦੇ ਹੋਏ ਧਰਮਵੀਰ ਗਾਂਧੀ ਨੇ ਕਿਹਾ ਕਿ ਭਗਵੰਤ ਮਾਨ ਬੁੱਤ ਨੂੰ ਛੱਡ ਪੰਜਾਬ ਦੇ ਮਸਲੇ ਤੇ ਹਿੱਤਾਂ ਦੀ ਗੱਲ ਕਰਨ।
ਇਸ ਦੇ ਨਾਲ ਹੀ ਦੇਸ਼ ਅੰਦਰ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਡਾ. ਧਰਮਵੀਰ ਗਾਂਧੀ ਨੇ ਬੋਲਦੇ ਹੋਏ ਕਿਹਾ ਹੈ ਕਿ ਕੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ, ਚੋਣਾਂ ਦੇ ਸਮੇਂ ਰਾਜਨੀਤਿਕ ਪਾਰਟੀਆਂ ਵੱਲੋਂ ਵੱਡੇ -ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਚੋਣਾਂ ਤੋਂ ਬਾਅਦ ਹੀ ਇਹ ਫ਼ੈਸਲਾ ਲੈਣਾ ਕਿਤੇ ਨਾ ਕਿਤੇ ਆਮ ਲੋਕਾਂ ਦੀ ਜੇਬ ‘ਤੇ ਡਾਕਾ ਪਿਆ। ਆਮ ਵਰਗ ਦੇ ਲੋਕਾਂ ਨੂੰ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਗ਼ਰੀਬ ਲੋਕਾਂ ਨੂੰ ਦੋ ਟਾਈਮ ਦੀ ਰੋਟੀ ਖਾਣੀ ਵੀ ਔਖੀ ਹੋ ਰਹੀ ਹੈ।