*ਪੰਜਾਬ ‘ਚੋਂ ਬਾਹਰਲੇ ਮੈਂਬਰ ਰਾਜ ਸਭਾ ‘ਚ ਭੇਜਣ ‘ਤੇ ਘਿਰੀ ਆਮ ਆਦਮੀ ਪਾਰਟੀ, ਸਿਰਸਾ ਤੇ ਖਹਿਰਾ ਨੇ ਕਹੀ ਵੱਡੀ ਗੱਲ*

0
114

ਚੰਡੀਗੜ੍ਹ 21,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਰਾਜ ਸਭਾ ਦੀਆਂ ਪੰਜ ਸੀਟਾਂ ਲਈ ਉਮੀਦਵਾਰ ਐਲਾਨੇ ਜਾਣ ਮਗਰੋਂ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ਉੱਪਰ ਆ ਗਈ ਹੈ। ਵਿਰੋਧੀਆਂ ਦਾ ਇਲਜ਼ਾਮ ਹੈ ਕਿ ਰਾਜ ਸਭਾ ਲਈ ਪੰਜਾਬ ਤੋਂ ਬਾਹਰੇ ਉਮੀਦਵਾਰ ਐਲਾਨ ਕੇ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਹਰਲੇ ਲੋਕ ਪੰਜਾਬ ਦੇ ਮੁੱਦਿਆਂ ਦੀ ਪੈਰਵਾਈ ਕਿਵੇਂ ਕਰ ਸਕਣਗੇ।

ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਮਦੀ ਪਾਰਟੀ ਨੂੰ ਘੇਰਿਆ ਹੈ। ਮਨਜਿੰਦਰ ਸਿਰਸਾ ਨੇ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਹੈ ਕਿ ਇਹ ‘ਰੰਗਲਾ ਪੰਜਾਬ’ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਵਿੱਚ ਕਿਹਾ, ‘‘ਜੇਕਰ ਰਾਜ ਸਭਾ ਲਈ ਐਲਾਨੀ ਸੰਭਾਵੀ ਉਮੀਦਵਾਰਾਂ ਦੀ ਸੂਚੀ ਅਸਲੀ ਹੈ ਤਾਂ ਇਹ ਪੰਜਾਬ ਲਈ ਸਭ ਤੋਂ ਦੁਖਦਾਈ ਖ਼ਬਰ ਹੈ ਤੇ ਇਹ ਸਾਡੇ ਸੂਬੇ ਨਾਲ ਪਹਿਲਾ ਪੱਖਪਾਤ ਹੋਵੇਗਾ। ਅਸੀਂ ਗੈਰ-ਪੰਜਾਬੀਆਂ ਨੂੰ ਨਾਮਜ਼ਦ ਕੀਤੇ ਜਾਣ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕਰਾਂਗੇ। ਇਹ ਉਨ੍ਹਾਂ ‘ਆਪ’ ਵਰਕਰਾਂ ਨਾਲ ਮਜ਼ਾਕ ਹੈ, ਜਿਨ੍ਹਾਂ ਪਾਰਟੀ ਲਈ ਕੰਮ ਕੀਤਾ ਹੈ।’’

ਖਹਿਰਾ ਨੇ ਕਿਹਾ, ‘‘ਮੈਂ ਭਗਵੰਤ ਮਾਨ ਨੂੰ ਅਪੀਲ ਕਰਾਂਗਾ ਕਿ ਉਹ ਬੀਬੀ ਖਾਲੜਾ ਜਿਹੇ ਲੋਕਾਂ ਦਾ ਸਨਮਾਨ ਕਰਨ ਦੇ ਆਪਣੇ ਵਿਚਾਰ ਨੂੰ ਅਮਲ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਵੇ, ਜਿਨ੍ਹਾਂ ਪੁਲੀਸ ਦਾ ਜ਼ੁਲਮ ਸਹਿਣ ਦੇ ਨਾਲ ਪੰਜਾਬ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।’’

ਦੱਸ ਦਈਏ ਕਿ ਆਈਆਈਟੀ ਦਿੱਲੀ ਦੇ ਸਹਾਇਕ ਪ੍ਰੋਫੈਸਰ ਸੰਦੀਪ ਪਾਠਕ, ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਤੇ ਸਾਬਕਾ ਸਪਿੰਨਰ ਹਰਭਜਨ ਸਿੰਘ ਨੇ ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ’ਚੋਂ ਤਿੰਨ ’ਤੇ ਨਾਮਜ਼ਦਗੀ ਭਰ ਦਿੱਤੀ ਹੈ। ਸੰਸਦ ਦੇ ਉਪਰਲੇ ਸਦਨ ਵਿੱਚ ਖਾਲੀ ਹੋਈਆਂ ਇਨ੍ਹਾਂ ਪੰਜ ਸੀਟਾਂ ਲਈ ਚੋਣਾਂ 31 ਮਾਰਚ ਨੂੰ ਹੋਣੀਆਂ ਹਨ। ਪਾਰਟੀ ਨੇ ਬਾਕੀ ਬਚਦੀਆਂ ਦੋ ਸੀਟਾਂ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਨੀ ਅਸ਼ੋਕ ਮਿੱਤਲ ਤੇ ਲੁਧਿਆਣਾ ਅਧਾਰਤ ਕੱਪੜਾ ਕਾਰੋਬਾਰੀ ਸੰਜੀਵ ਅਰੋੜਾ ਦਾ ਨਾਂ ਐਲਾਨਿਆ ਹੈ।

ਯਾਦ ਰਹੇ ਰਾਘਵ ਚੱਢਾ ਦਿੱਲੀ ਦੇ ਰਾਜਿੰਦਰ ਨਗਰ ਤੋਂ ਮੌਜੂਦਾ ਵਿਧਾਇਕ ਹਨ। ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅੱਜ ਆਖਰੀ ਦਿਨ ਹੋਣ ਕਰਕੇ ਸੰਦੀਪ ਪਾਠਕ, ਰਾਘਵ ਚੱਢਾ ਤੇ ਹਰਭਜਨ ਸਿੰਘ ਪਹਿਲਾਂ ਹੀ ਚੰਡੀਗੜ੍ਹ ਪੁੱਜ ਗਏ ਹਨ। ਭਲਕੇ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਜਦੋਂਕਿ 24 ਮਾਰਚ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ।

ਪੰਜਾਬ ਨਾਲ ਸਬੰਧਤ ਪੰਜ ਰਾਜ ਸਭਾ ਮੈਂਬਰਾਂ- ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸ਼ਵੇਤ ਮਲਿਕ, ਨਰੇਸ਼ ਗੁਜਰਾਲ ਤੇ ਸੁਖਦੇਵ ਸਿੰਘ ਢੀਂਡਸਾ ਦਾ ਕਾਰਜਕਾਲ 9 ਅਪਰੈਲ ਨੂੰ ਖ਼ਤਮ ਹੋ ਰਿਹਾ ਹੈ ਜਦੋਂਕਿ ਦੋ ਹੋਰਨਾਂ ਰਾਜ ਸਭਾ ਮੈਂਬਰਾਂ ਬਲਵਿੰਦਰ ਸਿੰਘ ਭੂੰਦੜ ਤੇ ਅੰਬਿਕਾ ਸੋਨੀ ਦਾ ਕਾਰਜਕਾਲ 4 ਜੁਲਾਈ ਨੂੰ ਖ਼ਤਮ ਹੋਣਾ ਹੈ।  

LEAVE A REPLY

Please enter your comment!
Please enter your name here