ਚੰਡੀਗੜ੍ਹ 17,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਵਿਧਾਨ ਸਭਾ ਹਲਕਾ ਨਾਭਾ ਤੋਂ ਵਿਧਾਇਕ ਦੇਵ ਮਾਨ ਸਾਈਕਲ ਰਾਹੀਂ ਵਿਧਾਨ ਸਭਾ ਪਹੁੰਚੇ। ਜਦੋਂ ਉਹ ਸ੍ਰੀ ਫਤਿਹਗੜ੍ਹ ਸਾਹਿਬ ਵਿੱਚੋਂ ਗੁਜ਼ਰੇ ਤਾਂ ਉਹ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਕੌਮ ਨੂੰ ਬਚਾਉਣ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕੀ ਅਸੀਂ ਉਨ੍ਹਾਂ ਸ਼ਹੀਦਾਂ ਦੇ ਦਰਸਾਏ ਮਾਰਗ ‘ਤੇ ਚੱਲੀਏ ਤੇ ਆਪਣੀ ਕੌਮ ਲਈ ਜੰਗ ਲੜੀਏ। ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਣ ਕੀਤਾ ਹੈ ਕਿ ਉਹ ਇਸ ਵਾਰ ਇੱਕ ਰੁਪਈਆ ਤਨਖਾਹ ਲੈਣਗੇ ਤੇ ਆਪਣੇ ਕਾਰਜਕਾਲ ਦੇ ਦੌਰਾਨ ਜ਼ਿਆਦਾ ਸਫਰ ਸਾਈਕਲ ਉੱਤੇ ਹੀ ਤੈਅ ਕਰਨਗੇ।
ਦੱਸ ਦਈਏ ਕਿ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਅਹਿਮ ਫੈਸਲਾ ਕੀਤਾ ਹੈ ਉਹ ਬਤੌਰ ਵਿਧਾਇਕ ਮਿਲਣ ਵਾਲੀ ਤਨਖਾਹ ’ਚੋਂ ਸਿਰਫ਼ ਇੱਕ ਰੁਪਿਆ ਲੈਣਗੇ। ਉਨ੍ਹਾਂ ਕਿਹਾ ਹੈ ਕਿ ਉਹ ਵਾਅਦੇ ਮੁਤਾਬਕ ਸਿਰਫ਼ ਇੱਕ ਰੁਪਏ ਦੀ ਤਨਖਾਹ ’ਤੇ ਵਿਧਾਇਕ ਵਜੋਂ ਕੰਮ ਕਰਨਗੇ।
ਇਸ ਦੇ ਨਾਲ ਹੀ ਗੁਰਦੇਵ ਸਿੰਘ ਮਾਨ ਨੇ ਸੁਰੱਖਿਆ ਅਮਲਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਉਸ ਨੇ ਆਪਣੇ ਸਿਆਸੀ ਸਫ਼ਰ ਦਾ ਆਗਾਜ਼ ਸਾਈਕਲ ’ਤੇ ਕੀਤਾ ਸੀ। ਉਹ ਅੱਗੋਂ ਵੀ ਸਾਈਕਲ ’ਤੇ ਨਾਭਾ ਹਲਕੇ ਦੀ ਗੇੜੀ ਲਾ ਕੇ ਵਿਕਾਸ ਕੰਮਾਂ ਦੇ ਜਾਇਜ਼ੇ ਤੋਂ ਇਲਾਵਾ ਲੋਕਾਂ ਦੀ ਸਾਰ ਲੈਂਦੇ ਰਹਿਣਗੇ।
ਮਾਨ ਨੇ ਕਿਹਾ, ‘‘ਮੈਂ ਚੋਣ ਪ੍ਰਚਾਰ ਵੀ ਸਾਈਕਲ ’ਤੇ ਹੀ ਕੀਤਾ ਸੀ। ਤੇ ਹੁਣ ਮੈਨੂੰ ਫੈਂਸੀ ਕਾਰਾਂ ਦੀ ਵੀ ਲੋੜ ਨਹੀਂ।’’ ਮਾਨ ਨੇ ਕਿਹਾ ਕਿ ਨਾਭਾ ਤੋਂ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ ਕਦੇ ਉਸ ਦੇ ਸਾਈਕਲ ਦਾ ਮਖੌਲ ਉਡਾਉਂਦਾ ਸੀ। ਉਨ੍ਹਾਂ ਕਿਹਾ, ‘‘ਚੋਣ ਪ੍ਰਚਾਰ ਦੌਰਾਨ ਧਰਮਸੋਤ ਅਕਸਰ ਇਹ ਕਹਿ ਕੇ ਮੇਰਾ ਮੌਜੂ ਉਡਾਉਂਦਾ ਸੀ ਕਿ ‘ਹੁਣ ਸਾਈਕਲ ਚਲਾਉਣ ਵਾਲੇ ਵੀ ਮੇਰੇ ਖਿਲਾਫ਼ ਉਮੀਦਾਰ ਖੜ ਕੇ ਚੋਣਾਂ ਲੜ ਰਹੇ ਹਨ। ਪਰ ਅੱਜ ਉਹੀ ਸਾਈਕਲ ਚਲਾਉਣ ਵਾਲਾ ਹਲਕੇ ਦੇ ਵੋਟਰਾਂ ਵੱਲੋਂ ਜਤਾਏ ਭਰੋਸੇ ਤੇ ਦਿੱਤੇ ਪਿਆਰ ਕਰਕੇ ਵਿਧਾਇਕ ਬਣ ਗਿਆ ਹੈ।’’
ਦੱਸ ਦੇਈਏ ਕਿ ਗੁਰਦੇਵ ਸਿੰਘ ਮਾਨ ਨੇ 52,371 ਵੋਟਾਂ ਦੇ ਵੱਡੇ ਫ਼ਰਕ ਨਾਲ ਚੋਣ ਜਿੱਤੀ ਹੈ। ਮਾਨ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਹਰਾਇਆ ਹੈ, ਉਨ੍ਹਾਂ ਵਿੱਚੋਂ ਪੰਜ ਵਾਰ ਦਾ ਵਿਧਾਇਕ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਇਕ ਹੈ। ਚੋਣ ਨਤੀਜੇ ਵਿੱਚ ਧਰਮਸੋਤ 18,251 ਵੋਟਾਂ ਨਾਲ ਤੀਜੀ ਥਾਵੇਂ ਰਿਹਾ ਸੀ ਤੇ ਉਸ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ।