
15,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ‘ਚ ਵਿਧਾਨ ਸਭਾ ਚੋਣਾਂ ‘ਚ ਸ਼ਰਮਨਾਕ ਹਾਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਸਭ ਦੇ ਸਾਹਮਣੇ ਆ ਗਿਆ ਹੈ। ਦੱਸ ਦਈਏ ਕਿ ਚੋਣਾਂ ‘ਚ ਹਾਰ ਦਾ ਠੀਕਰਾ ਆਗੂ ਇੱਕ ਦੂਜੇ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਸਿਰ ਭੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਕਾਂਗਰਸ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਵੱਡਾ ਦਾਅਵਾ ਕੀਤਾ ਹੈ।
ਦੱਸ ਦਈਏ ਕਿ ਮੀਡੀਆ ਨਾਲ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਅਹੁਦੇ ਤੋਂ ਹਟਾਉਣਾ ਅਤੇ ਮੰਤਰੀ ਮੰਡਲ ‘ਚ ਫੇਰਬਦਲ ਕਰਨਾ ਗਲਤ ਫੈਸਲਾ ਸੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ ਅੱਜ ਕਾਂਗਰਸ ਦੀ ਸਥਿਤੀ ਬਿਹਤਰ ਹੋਣੀ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਹਰਾ ਕੇ ਕਾਂਗਰਸ ਨੇ ਖੁਦ ਸਾਬਤ ਕਰ ਦਿੱਤਾ ਕਿ ਕੈਪਟਨ ਨੇ ਕੁਝ ਨਹੀਂ ਕੀਤਾ।
ਨਾਲ ਹੀ ਉਨ੍ਹਾਂ ਨੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਤੰਨਜ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਪੰਜਾਬ ‘ਚ ਵੀ ਰਿਹਾ ਕਾਂਗਰਸ ਦਾ ਮਾੜਾ ਹਾਲ
ਇਸ ਦੇ ਨਾਲ ਹੀ ਪੰਜਾਬ ਵਿੱਚ ਧੜੇਬੰਦੀ ਅਤੇ ਆਪਸੀ ਕਲੇਸ਼ ਵਿੱਚ ਫਸੀ ਹੋਈ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਵੱਡਾ ਧਮਾਕਾ ਕੀਤਾ ਹੈ। ਕਾਂਗਰਸ ਸਿਰਫ਼ 18 ਸੀਟਾਂ ‘ਤੇ ਹੀ ਸਿਮਟ ਗਈ। ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਚੋਣਾਂ ਹਾਰ ਗਏ। ਯੂਪੀ ‘ਚ ਕਾਂਗਰਸ ਸਿਰਫ਼ ਦੋ ਸੀਟਾਂ ਹੀ ਜਿੱਤੀ ਹੈ। ਉੱਤਰਾਖੰਡ ਵਿੱਚ ਵੀ ਐਗਜ਼ਿਟ ਪੋਲ ਨੇ ਭਾਜਪਾ ਨਾਲ ਕਾਂਗਰਸ ਦੀ ਸਖ਼ਤ ਟੱਕਰ ਦੀ ਸੰਭਾਵਨਾ ਜਤਾਈ ਪਰ ਜਦੋਂ ਨਤੀਜੇ ਆਏ ਤਾਂ ਕਾਂਗਰਸ ਬਹੁਤ ਪਿੱਛੇ ਰਹਿ ਗਈ। ਗੋਆ ਵਿੱਚ ਵੀ ਕਾਂਗਰਸ ਦਾ ਇਹੀ ਹਾਲ ਹੋਇਆ। ਮਨੀਪੁਰ ਵਿਚ ਵੀ ਕਾਂਗਰਸ ਸਿਰਫ਼ ਪੰਜ ਸੀਟਾਂ ‘ਤੇ ਹੀ ਸਿਮਟ ਗਈ।
