*ਜਲੰਧਰ ਪੁਲਿਸ ਨੇ ਕੱਟੇ 12 ਹਜ਼ਾਰ ਲੋਕਾਂ ਦੇ ਚਾਲਾਨ, ਕੋਰਟ ਕੰਪਲੈਕਸ ‘ਚ ਲੱਗੀ ਭੀੜ*

0
58

 12,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼)  : ਜਲੰਧਰ ਦੇ ਕੋਰਟ ਕੰਪਲੈਕਸ ‘ਚ ਅੱਜ ਹਜ਼ਾਰਾਂ ਲੋਕਾਂ ਦੀ ਭੀੜ ਨਜ਼ਰ ਆਈ। ਪਿਛਲੇ ਕੁਝ ਦਿਨਾਂ ਦੇ ਅੰਦਰ ਟਰੈਫਿਕ ਪੁਲਿਸ ਵੱਲੋਂ ਕੀਤੇ ਕਰੀਬ ਬਾਰਾਂ ਹਜ਼ਾਰ ਚਲਾਨਾਂ ਨੂੰ ਭੁਗਤਣ ਲਈ ਇਕ ਲੋਕ ਅਦਾਲਤ ਲਗਾਈ ਗਈ ਸੀ। ਜਿਸ ‘ਚ ਭਾਰੀ ਗਿਣਤੀ ਵਿੱਚ ਚਲਾਨ ਭੁਗਤਣ ਆਉਣ ਵਾਲੇ ਲੋਕਾਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ।

ਟਰੈਫਿਕ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਟ੍ਰੈਫਿਕ ਪੁਲਿਸ ਵਲੋਂ ਲਗਾਤਾਰ ਕੋਈ ਨਾ ਕੋਈ ਮੁਹਿੰਮ ਚਲਾਈ ਜਾਂਦੀ ਹੈ। ਇਸ ਵਾਰ ਜਲੰਧਰ ਦੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸਮਝਾਉਣ ਦੇ ਨਾਲ ਨਾਲ ਚਲਾਨ ਕੱਟਣ ਦਾ ਜ਼ਿੰਮਾ ਵੀ ਉਠਾਇਆ ਅਤੇ ਪਿਛਲੇ ਕੁਝ ਦਿਨਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਕਰੀਬ ਬਾਰਾਂ ਹਜ਼ਾਰ ਚਲਾਨ ਕੱਟੇ।

ਜੇਕਰ ਕੱਲ੍ਹ ਦੀ ਗੱਲ ਕਰੀਏ ਤਾਂ ਸਿਰਫ਼ ਇਕ ਦਿਨ ਹੀ ਜਲੰਧਰ ਦੀ ਟਰੈਫਿਕ ਪੁਲਿਸ ਵੱਲੋਂ ਸੱਤ ਸੌ ਲੋਕਾਂ ਦਾ ਚਲਾਨ ਕੱਟਿਆ ਗਿਆ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਲੋਕ ਸੀ ਜਿਨ੍ਹਾਂ ਨੇ ਹੈਲਮਟ ਨਹੀਂ ਪਾਇਆ ਹੋਇਆ ਸੀ। ਅੱਜ ਜਲੰਧਰ ਦੇ ਕੋਰਟ ਕੰਪਲੈਕਸ ਵਿਚ ਇਨ੍ਹਾਂ ਕਰੀਬ ਬਾਰਾਂ ਹਜ਼ਾਰ ਚਲਾਨਾਂ ਨੂੰ ਭੁਗਤਣ ਲਈ ਇਸ ਲੋਕ ਅਦਾਲਤ ਲਗਾਈ ਗਈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਪੁਲਿਸ ਅਧਿਕਾਰੀ ਏਸੀਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਭਾਰੀ ਗਿਣਤੀ ਵਿਚ ਲੋਕਾਂ ਦੇ ਕੋਰਟ ਕੰਪਲੈਕਸ ਵਿਚ ਪਹੁੰਚਣ ਨੂੰ ਦੇਖਦੇ ਹੋਏ ਭਾਰੀ ਗਿਣਤੀ ਵਿਚ ਟ੍ਰੈਫਿਕ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਹੀ ਨਹੀਂ ਇਨ੍ਹਾਂ ਲੋਕਾਂ ਦੀਆਂ ਗੱਡੀਆਂ ਨੂੰ ਪਾਰਕਿੰਗ ਦੀ ਸੁਵਿਧਾ ਦੇਣ ਲਈ ਚਾਰ ਥਾਵਾਂ ਉੱਤੇ ਪਾਰਕਿੰਗ ਬਣਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਕੋਰਟ ਦੇ ਅੰਦਰ ਵੀ ਅਲੱਗ ਅਲੱਗ ਕਾਊਂਟਰ ਬਣਾਏ ਗਏ। ਉੱਧਰ ਭਾਰੀ ਗਿਣਤੀ ਵਿਚ ਜਲੰਧਰ ਦੇ ਕੋਰਟ ਕੰਪਲੈਕਸ ਵਿਚ ਇਕੱਠੇ ਹੋਏ ਲੋਕ ਆਪਣੇ ਚਲਾਨ ਭੁਗਤਦੇ ਹੋਏ ਤਾਂ ਨਜ਼ਰ ਆਏ ਪਰ ਇਸ ਨਾਲ ਪ੍ਰਸ਼ਾਸਨ ਵੱਲੋਂ ਇੰਨੀ ਗਿਣਤੀ ਵਿੱਚ ਚਲਾਨਾਂ ਨੂੰ ਇੱਕੋ ਦਿਨ ਭੁਗਤਣ ਦੀ ਤਰੀਕ ਦੇ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ।

\ਲੋਕਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਇੱਕੋ ਦਿਨ ਇਨ੍ਹਾਂ ਲੋਕਾਂ ਨੂੰ ਇੱਕੋ ਵਾਰ ਨਹੀਂ ਬੁਲਾਉਣਾ ਚਾਹੀਦਾ ਸੀ ਕਿਉਂਕਿ ਇਸ ਨਾਲ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਇੱਕ ਦੋ ਦਿਨ ਛੱਡ ਕੇ ਲੋਕਾਂ ਨੂੰ ਬੁਲਾਇਆ ਜਾਣਾ ਚਾਹੀਦਾ ਸੀ ਤਾਂ ਕਿ  ਲੋਕਾਂ ਨੂੰ ਇੰਨੀ ਜ਼ਿਆਦਾ ਪ੍ਰੇਸ਼ਾਨੀ ਨਾ ਹੁੰਦੀ।

LEAVE A REPLY

Please enter your comment!
Please enter your name here