ਮਾਨਸਾ , 09 ਮਾਰਚ(ਸਾਰਾ ਯਹਾਂ/ ਮੁੱਖ ਸੰਪਾਦਕ ) : ਕੋਵਿਡ-19 ਦੌਰਾਨ ਦੋ ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਗਰਭਵਤੀ ਔਰਤਾਂ ਜੋ ਰੋਜ਼ਾਨਾ ਦੇ ਟੀਕਾਕਰਨ ਤੋਂ ਵਾਂਝੀਆਂ ਰਹਿ ਗਈਆਂ ਸਨ, ਅਜਿਹੇ ਬੱਚਿਆਂ ਅਤੇ ਔਰਤਾਂ ਦੇ ਜ਼ਿਲਾ ਪੱਧਰ ’ਤੇ ਚਲ ਰਹੇ ਟੀਕਾਕਾਰਣ ਦਾ ਡਬਲਿਊ.ਐਚ.ਓ ਦੀ ਟੀਮ ਵੱਲੋ ਜਾਇਜ਼ਾ ਲਿਆ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦਿੱਤੀ।
ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਦੂਜੇ ਗੇੜ ’ਚ 4 ਅਪ੍ਰੈਲ ਅਤੇ ਤੀਜੇ ਗੇੜ ’ਚ ਮਈ ਮਹੀਨੇ ਦੇ ਪਹਿਲੇ ਹਫਤੇ ਟੀਕਾਕਾਰਣ ਕੀਤਾ ਜਾਵੇਗਾ। ਉਨਾ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਣ ਬੱਚਿਆਂ ਦੇ ਟੀਕਾਕਰਨ ਵਿੱਚ ਪਏ ਪਾੜੇ ਨੂੰ ਪੂਰਾ ਕਰਨ ਲਈ ਸਰਕਾਰ ਨੇ ਮਾਰਚ 2022 ਤੋਂ ਮਈ 2022 ਤੱਕ ਤੀਬਰ ਮਿਸ਼ਨ ਇੰਦਰਧਨੁਸ਼ ਦੁਆਰਾ 3 ਗੇੜਾਂ ਦੀ ਯੋਜਨਾ ਬਣਾਈ ਹੈ।
ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਮਿਸ਼ਨ ਦੀ ਨਿਗਰਾਨੀ ਅਤੇ ਸੁਪਰਵੀਜਨ ਕਰਨ ਹਿੱਤ ਸਰਕਾਰ ਵੱਲੋਂ ਅਤੇ ਡਬਲਿਊਐਚਓ (ਵਰਲਡ ਹੈਲਥ ਆਰਗੇਨਾਈਜੇਸ਼ਨ) ਦੀ ਟੀਮ ਨੇ ਦੌਰਾ ਕੀਤਾ। ਉਨਾਂ ਦੱਸਿਆ ਕਿ ਟੀਮ ਵੱਲੋਂ ਸ਼ਹਿਰ ਦੇ ਵਾਰਡ ਪੱਚੀ ਵਿਖੇ ਵੀ ਬੱਚਿਆਂ ਅਤੇ ਮਾਵਾਂ ਨਾਲ ਮਿਲ ਕੇ ਗੱਲਬਾਤ ਕੀਤੀ ਗਈ।
ਇਸ ਮੌਕੇ ਡਾ. ਸ੍ਰੀ ਨਿਵਾਸਨ ਅਤੇ ਡਾ ਨਿਵੇਦਿਕਾ ਵਾਸੂਦੇਵਾ ਨੇ ਦੱਸਿਆ ਕਿ ਵੈਕਸੀਨ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਿਸ਼ਨ ਵਿਚ ਵੱਧੋ ਵੱਧ ਟੀਕਾਕਰਨ ਕਰਵਾਇਆ ਜਾਵੇ ,ਇਸ ਟੀਕਾਕਰਨ ਦਾ ਕੋਈ ਵੀ ਨੁਕਸਾਨ ਨਹੀਂ ਸਗੋਂ ਫਾਇਦੇ ਹੀ ਫਾਇਦੇ ਹਨ।
ਇਸ ਟੀਮ ਵਿਚ ਡਬਲਿਊਐਚਓ ਵੱਲੋਂ ਸਰਦਾਰ ਇੰਦਰਜੀਤ ਸਿੰਘ ਅਤੇ ਨੋਡਲ ਅਫਸਰ ਵਰੁਣ ਮਿੱਤਲ ਵੀ ਸ਼ਾਮਿਲ ਸਨ, ਜਿਨਾਂ ਨੇ ਖਿਆਲਾ ਬਲਾਕ ਦੇ ਪਿੰਡ ਨੰਗਲ ਕਲਾਂ ਬਰਨਾਲਾ ਜਵਾਹਰਕੇ ਕੈਂਪਾਂ ਦਾ ਦੌਰਾ ਕੀਤਾ।