ਮਾਨਸਾ, 7 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ ) : 2 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਗਰਭਵਤੀ ਔਰਤਾਂ ਜੋ ਸਰਕਾਰੀ ਹਸਪਤਾਲ ’ਚ ਰੋਜ਼ਾਨਾ ਦੇ ਅਧਾਰ ’ਤੇ ਲੱਗਣ ਵਾਲੀ ਵੈਕਸੀਨੇਸ਼ਨ ਨਹੀ ਲਗਵਾ ਪਾਏ, ਉਨਾਂ ਨੂੰ ਮਿਸ਼ਨ ਇੰਦਰਧਨੁਸ਼ ਯੋਜਨਾ ਤਹਿਤ ਕਵਰ ਕੀਤਾ ਜਾਵੇਗਾ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰਪਾਲ ਨੇ ਅੱਜ ਸਿਵਲ ਹਸਪਤਾਲ ਮਾਨਸਾ ਤੋਂ 7 ਮਾਰਚ ਤੋਂ 14 ਮਾਰਚ ਤੱਕ ਮਿਸ਼ਨ ਇੰਦਰਧਨੁਸ਼ ਦੀ ਸ਼ੁਰੂਆਤ ਕਰਦਿਆਂ ਕੀਤਾ। ਸ੍ਰੀ ਮਹਿੰਦਰ ਪਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਜ਼ਿਲੇ ਅੰਦਰ ਕੋਈ ਵੀ 2 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਗਰਭਵਤੀ ਮਹਿਲਾਵਾਂ ਤੱਕ ਪਹੰੁਚ ਕਰਕੇ ਵੈਕਸੀਨੇਸ਼ਨ ਲਗਾਈ ਜਾਵੇ। ਉਨਾਂ ਦੱਸਿਆ ਕਿ 832 ਗਰਭਵਤੀ ਔਰਤਾਂ ਅਤੇ 147 ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨਾ ਜ਼ਿਲਾ ਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਵੱਖੋਂ ਵੱਖ ਤਰਾਂ ਦੀ ਵੈਕਸ਼ੀਨੇਸ਼ਨ ਲਈ ਲਗਾਏ ਜਾ ਰਹੇ ਕੈਂਪਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਮਿਸ਼ਨ ਇੰਦਰਧਨੁਸ਼ ਯੋਜਨਾ ਤਹਿਤ ਹਰੇਕ ਯੋਗ ਮਹਿਲਾ ਅਤੇ ਬੱਚੇ ਨੂੰ ਕਵਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਮਾਨਸਾ ਵਿੱਚ ਮਿਸ਼ਨ ਇੰਦਰਧਨੁਸ਼ ਦੌਰਾਨ 147 ਵੱਖ-ਵੱਖ ਥਾਵਾਂ ’ਤੇ ਕੈਂਪ ਲਗਾ ਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਅਤੇ ਚੈੱਕਅੱਪ ਕੀਤਾ ਜਾਵੇਗਾ। ਜ਼ਿਲਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲੇ ਦੇ ਭੱਠਿਆਂ, ਸ਼ੈੱਲਰਾਂ, ਉਸਾਰੀ ਅਧੀਨ ਇਮਾਰਤਾਂ ਜਿੱਥੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਟੀਕਾਕਰਨ ਤੋਂ ਵਾਂਝੀਆਂ ਰਹਿ ਗਈਆਂ ਹਨ, ਅਜਿਹੀਆਂ ਔਰਤਾਂ ਆਪਣੇ ਛੋਟੇ ਬੱਚਿਆ ਸਮੇਤ ਟੀਕਾਕਾਰਣ ਲਾਜ਼ਮੀ ਕਰਵਾਉਣ। ਇਸ ਮੌਕੇ ਡੀ.ਐਸ ਪੰਜਾਬ ਡਾ. ਸੁਮੰਤ ਗੋਇਲ, ਡੀ.ਐਮ.ਸੀ. ਡਾ. ਰੂਬੀ, ਗਾਇਨਾ ਕੋਲੋਜਿਸਟ ਡਾ. ਬਲਜੀਤ ਕੌਰ, ਡਾ. ਸੁਬੋਧ ਗੁਪਤਾ, ਬੱਚਿਆਂ ਦੇ ਮਾਹਿਰ ਡਾ. ਪਰਵਰਿਸ਼, ਸ਼੍ਰੀਮਤੀ ਗੁਰਵਿੰਦਰ ਕੌਰ, ਸੰਜੀਵ ਕੁਮਾਰ, ਰਵਿੰਦਰ ਕੁਮਾਰ, ਰਾਜਬੀਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਦਰਸ਼ਨ ਸਿੰਘ ਹਾਜ਼ਰ ਸਨ।