*ਮਜੀਠੀਆ ਦੀ ਜੇਲ੍ਹ ‘ਚ ਵੀ ਬੱਲੇ-ਬੱਲੇ, ਅਕਾਲੀ ਲੀਡਰ ਲਈ ਨਿਯਮ ਹੋਏ ਨਰਮ*

0
52

ਚੰਡੀਗੜ੍ਹ  03,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਬੇਸ਼ੱਕ ਡਰੱਗ ਕੇਸ ਵਿੱਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਡੱਕਣ ਦੇ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਬਦਲਾਖੋਰੀ ਦੀ ਸਿਆਸਤ ਕਰਾਰ ਦੇ ਰਿਹਾ ਹੈ ਪਰ ਪੰਜਾਬ ਸਰਕਾਰ ਜੇਲ੍ਹ ਅੰਦਰ ਵੀ ਮਜੀਠੀਆ ਉੱਪਰ ਮਿਹਰਬਾਨ ਨਜ਼ਰ ਆ ਰਹੀ ਹੈ। ਜੇਲ੍ਹ ਅਧਿਕਾਰੀਆਂ ਨੇ ਮਜੀਠੀਆ ਨਾਲ ਮੁਲਾਕਾਤਾਂ ਦੇ ਨਿਯਮ ਵੀ ਢਿੱਲੇ ਕਰ ਦਿੱਤੇ ਹਨ।

ਹਾਸਲ ਜਾਣਕਾਰੀ ਮੁਤਾਬਕ ਨਿਯਮ ਕਹਿੰਦੇ ਹਨ ਕਿ ਜੇਲ੍ਹ ਵਿੱਚ ਨਜ਼ਰਬੰਦ ਕਿਸੇ ਵੀ ਕੈਦੀ ਲਈ ਹਫ਼ਤੇ ਵਿੱਚ ਇੱਕ ਤੇ ਹਵਾਲਾਤੀ ਲਈ ਦੋ ਮੁਲਾਕਾਤਾਂ ਦੀ ਵਿਵਸਥਾ ਹੈ ਪਰ ਮਜੀਠੀਆ ਦੇ ਮਾਮਲੇ ਵਿੱਚ ਨਿਯਮਾਂ ’ਚ ਕਾਫੀ ਢਿੱਲ ਦਿੱਤੀ ਜਾ ਰਹੀ ਹੈ। ਕੋਰੋਨਾ ਕਰਕੇ ਵੀ ਜੇਲ੍ਹ ਪ੍ਰਸਾਸ਼ਨ ਨੇ ਮੁਲਾਕਾਤਾਂ ‘ਤੇ ਥੋੜ੍ਹੀ ਸਖਤੀ ਕੀਤੀ ਸੀ ਪਰ ਮਜੀਠੀਆ ਨਾਲ ਅਕਾਲੀ ਲੀਡਰ ਲਗਾਤਾਰ ਮੁਲਾਕਾਤਾਂ ਕਰ ਰਹੇ ਹਨ।

ਹਾਸਲ ਜਾਣਕਾਰੀ ਮੁਤਾਬਕ ਮਜੀਠੀਆ ਨੂੰ 24 ਫਰਵਰੀ ਨੂੰ ਰਾਤੀਂ ਜੇਲ੍ਹ ਵਿੱਚ ਲਿਆਂਦਾ ਗਿਆ ਸੀ ਜਿਸ ਤੋਂ ਅਗਲੇ ਹੀ ਦਿਨ 25 ਫਰਵਰੀ ਨੂੰ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਦੋ ਹੋਰ ਲੀਡਰਾਂ ਨੇ ਮੁਲਾਕਾਤ ਕੀਤੀ। ਫਿਰ 26 ਤੇ 27 ਫਰਵਰੀ ਦੀ ਛੁੱਟੀ ਹੋਣ ਕਰਕੇ ਕੋਈ ਮੁਲਾਕਾਤ ਨਹੀਂ ਹੋਈ ਪਰ 28 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਦਲਜੀਤ ਸਿੰਘ ਚੀਮਾ ਨੇ ਮਜੀਠੀਆ ਨਾਲ ਮੁਲਾਕਾਤ ਕੀਤੀ।

ਇਸ ਤੋਂ ਬਾਅਦ ਪਹਿਲੀ ਮਾਰਚ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ  ਮਜੀਠੀਆ ਨਾਲ ਮੁਲਾਕਾਤ ਕੀਤੀ। ਇਸੇ ਤਰ੍ਹਾਂ ਸਿਲਸਿਲਾ ਜਾਰੀ ਰਿਹਾ ਤੇ 2 ਮਾਰਚ ਨੂੰ ਸੀਨੀਅਰ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਤਿੰਨ ਜਣਿਆਂ ਨੇ ਮਜੀਠੀਆ ਨਾਲ ਮੁਲਾਕਾਤ ਕੀਤੀ

ਉਧਰ, ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕੈਦੀ ਲਈ ਹਫਤੇ ਵਿੱਚ ਇੱਕ ਤੇ ਹਵਾਲਾਤੀ ਲਈ ਦੋ ਮੁਲਾਕਾਤਾਂ ਦੀ ਹੀ ਵਿਵਸਥਾ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਮਜੀਠੀਆ ਦੀਆਂ ਇਸ ਜਾਰੀ ਹਫ਼ਤੇ ਵਿੱਚ ਤਿੰਨ ਦਿਨ ਮੁਲਾਕਾਤ ਹੋਣ ਦੀ ਗੱਲ ਵੀ ਸਵੀਕਾਰੀ ਹੈ। ਉਨ੍ਹਾਂ ਕਿਹਾ ਕਿ ਇਹ ਮੁਲਾਕਾਤਾਂ ਮੁਕੰਮਲ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹੀ ਕਰਵਾਈਆਂ ਜਾ ਰਹੀਆਂ ਹਨ। 

LEAVE A REPLY

Please enter your comment!
Please enter your name here