23,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਵੋਟਾਂ ਪਾਉਣ ਦਾ ਕੰਮ ਮੁਕੰਮਲ ਹੁੰਦੇ ਹੀ ਨਵਜੋਤ ਸਿੱਧੂ ਆਪਣਿਆਂ ਦੇ ਹੀ ਨਿਸ਼ਾਨੇ ’ਤੇ ਆ ਗਏ ਹਨ। ਸਭ ਤੋਂ ਪਹਿਲਾਂ ਆਵਾਜ਼ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਿੱਧੂ ਦੀ ਬੋਲਬਾਣੀ ਕਾਰਨ ਨਾ ਸਿਰਫ ਹਲਕੇ ਦੇ ਲੋਕ ਸਗੋਂ ਹਲਕੇ ਵਿੱਚ ਕੰਮ ਕਰਦੇ ਕਾਂਗਰਸੀ ਆਗੂ ਵੀ ਨਿਰਾਸ਼ ਸਨ, ਜੋ ਇਸੇ ਕਾਰਨ ਕਾਂਗਰਸ ਛੱਡ ਕੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਵੀ ਹਰੇਕ ਵਰਕਰ ਤੇ ਆਗੂ ਮਾਣ ਸਨਮਾਨ ਚਾਹੁੰਦਾ ਹੈ, ਕੋਈ ਵੀ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ।
ਔਜਲਾ ਨੇ ਕਿਹਾ ਕਿ ਕੋਈ ਵੱਡਾ ਹੋਵੇ ਜਾਂ ਛੋਟਾ, ਹਰੇਕ ਲਈ ਮਾਣ-ਸਨਮਾਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪੂਰਬੀ ਹਲਕੇ ਵਿੱਚ ਵਧੇਰੇ ਲੋਕ ਵਿਰੋਧੀ ਉਮੀਦਵਾਰਾਂ ਦੇ ਨਾਲ ਤੁਰੇ ਹਨ, ਜਿਸ ਕਾਰਨ ਕਾਂਗਰਸੀ ਉਮੀਦਵਾਰ ਪੱਛੜਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜੋ ਲੋਕ ਚੁੱਪ ਰਹੇ ਹਨ, ਉਨ੍ਹਾਂ ਦੀ ਵੋਟ ਕਿਸੇ ਪਾਸੇ ਵੀ ਜਾ ਸਕਦੀ ਹੈ। ਇਸ ਤੋਂ ਤੈਅ ਹੈ ਕਿ ਜੇਕਰ ਕਾਂਗਰਸ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਭਾਂਡਾ ਸਿੱਧੂ ਸਿਰ ਹੀ ਭੱਜੇਗਾ ਜਿਸ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਦੱਸ ਦਈਏ ਕਿ ਚੋਣਾਂ ਦੌਰਾਨ ਕਾਂਗਰਸ ਦੇ ਕਈ ਲੀਡਰਾਂ ਪਾਰਟੀ ਛੱਡ ਗਏ ਹਨ। ਇਸ ਦੌਰਾਨ ਚੋਣ ਪ੍ਰਬੰਧਕ ਕਮੇਟੀ ਦੇ ਮੁਖੀ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨਾਰਾਜ਼ ਕਾਂਗਰਸੀਆਂ ਨੂੰ ਮਨਾਉਣ ਲਈ ਵੀ ਆਏ ਸੀ। ਉਨ੍ਹਾਂ ਨੇ ਸੰਸਦ ਮੈਂਬਰ ਔਜਲਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਮੇਅਰ ਕਰਮਜੀਤ ਸਿੰਘ ਰਿੰਟੂ ਤੇ ਹੋਰਨਾਂ ਨਾਲ ਮੀਟਿੰਗ ਵੀ ਕੀਤੀ ਸੀ ਪਰ ਇਸ ਮੀਟਿੰਗ ਮਗਰੋਂ ਵੀ ਨਵਜੋਤ ਸਿੱਧੂ ਨਾਲ ਨਾਰਾਜ਼ ਕਾਂਗਰਸੀ ਉਨ੍ਹਾਂ ਨਾਲ ਨਹੀਂ ਤੁਰੇ ਸਨ, ਸਗੋਂ ਮੇਅਰ ਕਰਮਜੀਤ ਸਿੰਘ ਰਿੰਟੂ ਤਾਂ ਪਾਰਟੀ ਛੱਡ ਕੇ ‘ਆਪ’ ਵਿੱਚ ਚਲੇ ਗਏ ਸੀ
ਇਸੇ ਤਰ੍ਹਾਂ ਪੂਰਬੀ ਹਲਕੇ ਦੇ ਕਈ ਮੌਜੂਦਾ ਕੌਂਸਲਰ ਵੀ ਸਿੱਧੂ ਦਾ ਸਾਥ ਛੱਡ ਗਏ ਸਨ, ਜਿਨ੍ਹਾਂ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਤੇ ਕੌਂਸਲਰ ਜਤਿੰਦਰ ਸੋਨੀਆ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ। ਸਮੁੱਚੇ ਚੋਣ ਪ੍ਰਚਾਰ ਦੌਰਾਨ ਸਿੱਧੂ ਨੇ ਆਪਣੇ ਵਿਰੋਧੀ ਉਮੀਦਵਾਰ ਬਿਕਰਮ ਮਜੀਠੀਆ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤੀ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਨਿਸ਼ਾਨੇ ’ਤੇ ਰਹੇ ਤੇ ਅਜਿਹੀ ਹੀ ਸ਼ਬਦਾਵਲੀ ਉਨ੍ਹਾਂ ਖ਼ਿਲਾਫ਼ ਵੀ ਵਰਤੀ ਗਈ। ਸਿੱਧੂ ਦੀ ਅਜਿਹੀ ਬੋਲਬਾਣੀ ਹਲਕੇ ਦੇ ਲੋਕਾਂ ਨੂੰ ਵੀ ਠੀਕ ਨਹੀਂ ਲੱਗੀ।