ਕੋਟਕਪੂਰਾ 13,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਚੋਣ ਪ੍ਰਚਾਰ ਲਈ ਪੰਜਾਬ ਪਹੁੰਚੇ ਹਨ। ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਆਪਣਾ ਰਿਸ਼ਤਾ ਪੰਜਾਬ ਨਾਲ ਜੋੜਦਿਆਂ ਕਿਹਾ ਕਿ ਉਹ ਪੰਜਾਬ ਦੀ ਨੂੰਹ ਹਨ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਮੈਂ ਪੰਜਾਬੀ ਪਰਿਵਾਰ ਵਿੱਚ ਵਿਆਹੀ ਹਾਂ। ਇਸ ਲਈ ਮੇਰੇ ਬੱਚਿਆਂ ਵਿੱਚ ਪੰਜਾਬੀ ਖੂਨ ਹੈ। ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ‘ਆਪ’ ਦੇ ਦਿੱਲੀ ਮਾਡਲ ‘ਤੇ ਸਵਾਲ ਚੁੱਕੇ।
ਕੁੱਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪੰਜਾਬ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਮੌਕਾ ਹੋਰ ਦੇਣ।
ਕੋਟਕਪੁਰਾ ਦੀ ਅਨਾਜ ਮੰਡੀ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੀ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਮਾਡਲ ਤੇ ਅਰਵਿੰਦ ਕੇਜਰੀਵਾਲ ਦਾ ਦਿੱਲੀ ਮਾਡਲ ਇੱਕੋ ਜਿਹੇ ਹਨ ਤੇ ਇਹ ਦੋਵੇਂ ਮਾਡਲ ਦੇਸ਼ ਤੇ ਲੋਕ ਵਿਰੋਧੀ ਸਾਬਤ ਹੋਏ ਹਨ। ਕਰੋਨਾ ਦੌਰਾਨ ਦਿੱਲੀ ਦਾ ਕੋਈ ਵੀ ਹਸਪਤਾਲ ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਨਹੀਂ ਉਤਰਿਆ।
ਦੱਸ ਦਈਏ ਕਿ ਕਾਂਗਰਸ ਦੀ ਕੋਟਕਪੂਰਾ ਰੈਲੀ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨਹੀਂ ਪਹੁੰਚੇ। ਇੱਥੋਂ ਤੱਕ ਕਿ ਸੀਐਮ ਚੰਨੀ ਵੀ ਨਹੀਂ ਪਹੁੰਚੇ। ਸੀਨੀਅਰ ਲੀਡਰਸ਼ਿਪ ਵਿੱਚੋਂ ਕੋਈ ਨਹੀਂ ਪਹੁੰਚਿਆ। ਇਸ ਤੋਂ ਬਾਅਦ ਜਦੋਂ ਉਹ ਧੂਰੀ ਪਹੁੰਚੇ ਤਾਂ ਉਨ੍ਹਾਂ ਨਾਲ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਹੋਰ ਲੀਡਰ ਮੌਜੂਦ ਸਨ।
ਇਸੇ ਤਰ੍ਹਾਂ ਧੂਰੀ ਦੇ ਰਾਜੋਮਾਜਰਾ ਦੀ ਰੈਲੀ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਖੇਤਾਂ ਵਿੱਚ ਗਈ। ਉਹ ਕਿਸਾਨਾਂ ਦੇ ਘਰ ਵੀ ਪਹੁੰਚੀ। ਉਨ੍ਹਾਂ ਨੇ ਖੇਤਾਂ ‘ਚ ਹੀ ਖਾਣਾ ਖਾਧਾ ਤੇ ਇੱਕ ਕਿਸਾਨ ਦੇ ਘਰ ਵੀ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਵੀ ਉਨ੍ਹਾਂ ਨਾਲ ਮੌਜੂਦ ਸਨ। ਉਹ ਧੂਰੀ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ।