*ਚੋਣਾਂ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ‘ਤੇ ਇੱਕ ਹੋਰ ਕੇਸ ਦਰਜ*

0
360

ਚੰਡੀਗੜ੍ਹ 12,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਕਾਂਗਰਸੀ ਉਮੀਦਵਾਰ ਤੇ ਵਿਵਾਦਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਇਕ ਵਾਰ ਮੁੜ ਵਿਵਾਦਾਂ ‘ਚ ਘਿਰ ਗਏ ਹਨ।ਦਰਅਸਲ, ਇਸ ਵਾਰ ਸਿੱਧੂ ਮੂਸੇ ਵਾਲਾ ਵਕੀਲਾਂ ਨੂੰ ਲੈ ਕੇ ਵਿਵਾਦਾਂ ‘ਚ ਆਏ ਹਨ।ਐਡਵੋਕੇਟ ਸੁਨੀਲ ਕੁਮਾਰ ਮੱਲ੍ਹਣ ਵੱਲੋਂ ਜ਼ਿਲ੍ਹਾ ਅਦਾਲਤ ‘ਚ ਸਿੱਧੂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ। 

ਐਡਵੋਕੇਟ ਮੱਲ੍ਹਣ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਦੇ ‘ਸੰਜੂ’ ਗੀਤ ‘ਚ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ। ਇਹ ਸਭ ਸਿੱਧੂ ਮੂਸੇ ਵਾਲਾ ਨੇ ਜਾਣਬੁੱਝ ਕੇ ਵਕੀਲਾਂ ਦੇ ਅਕਸ ਨੂੰ ਢਾਹ ਲਾਉਣ ਲਈ ਕੀਤਾ ਹੈ। ਮੂਸੇ ਵਾਲਾ ਨੇ ਇਸ ਗੀਤ ਨੂੰ ਜਾਣਬੁੱਝ ਕੇ ਗਲਤ ਇਰਾਦੇ ਨਾਲ ਰਿਲੀਜ਼ ਕਰਕੇ ਨਿਆਂ ਪ੍ਰਣਾਲੀ ਦਾ ਅਕਸ ਖ਼ਰਾਬ ਕਰਨ ਦਾ ਕੰਮ ਕੀਤਾ ਹੈ। 

ਸਿੱਧੂ ਆਪਣੀ ਗਾਇਕੀ ਦੇ ਅੰਦਾਜ਼ ਨੂੰ ਲੈ ਕੇ ਵੀ ਕਈ ਵਾਰ ਵਿਵਾਦਾਂ ‘ਚ ਘਿਰ ਚੁੱਕਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਉਸ ਖਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਕੇਸ ਦਾਇਰ ਕੀਤਾ ਗਿਆ ਹੈ।ਦੱਸ ਦਈਏ ਕਿ ਐਡਵੋਕੇਟ ਮੱਲ੍ਹਣ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਹਿੰਸਾ ਅਤੇ ਦੰਗਿਆਂ ਲਈ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਸਿੱਧੂ ‘ਤੇ ਗੰਨ ਕਲਚਰ ਨੂੰ ਹੱਲਾਸ਼ੇਰੀ ਦੇਣ ਦੇ ਵੀ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਗੀਤ ‘ਚ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ। 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਡਵੋਕੇਟ ਨੇ 15 ਜੁਲਾਈ 2021 ਨੂੰ ਸਿੱਧੂ ਮੂਸੇ ਵਾਲਾ ਨੂੰ ਇਸ ਗੀਤ ਬਾਰੇ ਕਾਨੂੰਨੀ ਨੋਟਿਸ ਵੀ ਭੇਜਿਆ ਸੀ, ਜਿਸ ਦਾ ਉਸ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਸਿੱਧੂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਤੋਂ ਇਲਾਵਾ ‘ਸੰਜੂ’ ਗੀਤ ਤੋਂ ਕਮਾਏ ਪੈਸੇ ਵਕੀਲਾਂ ਨੂੰ ਮੁਆਵਜ਼ੇ ਵਜੋਂ ‘ਬਾਰ ਕੌਂਸਲ ਆਫ਼ ਪੰਜਾਬ ਹਰਿਆਣਾ’ ਦੇ ਐਡਵੋਕੇਟ ਵੈਲਫੇਅਰ ਫੰਡ ‘ਚ ਪਾਉਣ ਦੀ ਮੰਗ ਕੀਤੀ ਗਈ।

LEAVE A REPLY

Please enter your comment!
Please enter your name here