ਅੰਮ੍ਰਿਤਸਰ 08 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕਾਂਗਰਸ ਨੇ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਵੈਸੇ ਤਾਂ ਕਾਂਗਰਸ ਵਿੱਚ CM ਫੇਸ ਲਈ ਦਾਵੇਦਾਰਾਂ ਦੀ ਕਮੀ ਨਹੀਂ ਪਰ ਫਿਲਹਾਲ ਚਰਨਜੀਤ ਚੰਨੀ ਦੇ ਫੇਸ ਨਾਲ ਕਾਂਗਰਸ ਚੋਣ ਲੜ ਰਹੀ ਹੈ। ਇਸ ਦੌੜ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਅੱਗੇ ਸੀ ਪਰ ਉਨ੍ਹਾਂ ਨੂੰ ਝਟਕਾ ਜ਼ਰੂਰ ਲੱਗਾ ਹੈ। ਇਸ ਮਗਰੋਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਦਾ ਦਰਦ ਛਲਕਿਆ ਹੈ।
ਮੰਗਲਵਾਰ ਨੂੰ ਚੋਣ ਪ੍ਰਚਾਰ ਕਰ ਰਹੀ ਨਵਜੋਤ ਕੌਰ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸੀਐਮ ਉਮੀਦਵਾਰ ਐਲਾਨਣ ਤੋਂ ਪਹਿਲਾਂ ਗੁਮਰਾਹ ਕੀਤਾ ਗਿਆ ਸੀ। ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਹੀ ਯੋਗ ਉਮੀਦਵਾਰ ਹਨ।
ਨਵਜੋਤ ਕੌਰ ਮੁਤਬਿਕ ਇਸ ਵੱਡੀ ਕੁਰਸੀ ਲਈ ਕੋਈ ਮਾਪਦੰਡ ਤੈਅ ਕੀਤਾ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਮੁੱਖ ਮੰਤਰੀ ਦੇ ਅਹੁਦੇ ਲਈ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਪੜ੍ਹਾਈ, ਉਨ੍ਹਾਂ ਦੇ ਕੰਮ, ਇਮਾਨਦਾਰੀ ਆਦਿ ਨੂੰ ਦੇਖਿਆ ਜਾਣਾ ਚਾਹੀਦਾ ਹੈ। ਕਾਂਗਰਸ ਵਿੱਚ ਇਸ ਅਹੁਦੇ ਲਈ ਸਿੱਧੂ ਸਹੀ ਉਮੀਦਵਾਰ ਸਨ।
ਨਵਜੋਤ ਕੌਰ ਨੇ ਕਿਹਾ ਕਿ ਉਹ ਇਹ ਸਭ ਇਸ ਲਈ ਨਹੀਂ ਕਹਿ ਰਹੀ ਕਿਉਂਕਿ ਸਿੱਧੂ ਉਨ੍ਹਾਂ ਦੇ ਪਤੀ ਹਨ, ਪਰ ਉਨ੍ਹਾਂ ਦਾ ਮਾਡਲ ਬਹੁਤ ਵਧੀਆ ਹੈ। ਜੇਕਰ ਉਹ ਮੁੱਖ ਮੰਤਰੀ ਬਣਦੇ ਤਾਂ 6 ਮਹੀਨਿਆਂ ਵਿੱਚ ਪੰਜਾਬ ਦੀਆਂ ਸਮੱਸਿਆਵਾਂ ਹੱਲ ਹੋ ਜਾਣੀਆਂ ਸਨ।
ਨਵਜੋਤ ਸਿੱਧੂ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ ਤੋਂ ਬਾਅਦ ਉਹ ਸ਼ਾਂਤ ਹੋ ਗਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਰਾਹੁਲ ਗਾਂਧੀ ਦੇ ਲੁਧਿਆਣਾ ਦੌਰੇ ਦੀ ਵੀਡੀਓ ਲਾਈਵ ਕੀਤੀ ਸੀ। ਉਦੋਂ ਤੋਂ ਉਨ੍ਹਾਂ ਨੇ ਨਾ ਤਾਂ ਕੋਈ ਟਿੱਪਣੀ ਕੀਤੀ ਹੈ ਅਤੇ ਨਾ ਹੀ ਕੋਈ ਵੀਡੀਓ ਪੋਸਟ ਕੀਤੀ ਹੈ।
ਨਵਜੋਤ ਸਿੰਘ ਸਿੱਧੂ ਦੀ ਨਰਾਜ਼ਗੀ ਉਨ੍ਹਾਂ ਦੇ ਵਤੀਰੇ ਤੋਂ ਝਲਕਦੀ ਹੈ। ਹਰ ਦੂਜੇ ਦਿਨ ਦੂਜੇ ਸ਼ਹਿਰਾਂ ਵਿੱਚ ਪ੍ਰਚਾਰ ਕਰਨ ਵਾਲੇ ਸਿੱਧੂ ਹੁਣ ਸਿਰਫ਼ ਆਪਣੇ ਭਾਈਚਾਰੇ ਤੱਕ ਹੀ ਸੀਮਤ ਹੋ ਕੇ ਲੋਕਾਂ ਨੂੰ ਮਿਲ ਰਹੇ ਹਨ।