*ਖਰਚਾ ਨਿਗਰਾਨ ਵੱਲੋਂ ਮਾਨਸਾ ਬੈਂਕ ਅਧਿਕਾਰੀਆਂ ਨਾਲ ਕੀਤੀ ਗਈਅਹਿਮ ਮੀਟਿੰਗ*

0
61

ਮਾਨਸਾ, 07 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ )  : ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੱਕੀ ਲੈਣ-ਦੇਣ ਦੀ ਸੂਚਨਾ ਪ੍ਰਾਪਤ ਕਰਨ ਦੇ ਮੱਦੇਨਜ਼ਰ ਖਰਚਾ ਨਿਗਰਾਨ ਮਹੁੰਮਦ ਸਾਲੀਕ ਪਰਵੇਜ਼ (ਆਈ.ਆਰ.ਐਸ.) ਨੇ ਅੱਜ ਸਥਾਨਕ ਬਚਤ ਭਵਨ ਵਿਖੇ ਬੈਂਕ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੋਰਾਨ ਸ਼੍ਰੀ ਮਹੁੰਮਦ ਸਾਲੀਕ ਪਰਵੇਜ਼ ਨੇ ਬੈਂਕ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਸ਼ੱਕੀ ਲੈਣ-ਦੇਣ ਦੇ ਵੇਰਵੇ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਅਸਾਧਾਰਨ ਅਤੇ ਸ਼ੱਕੀ ਨਕਦੀ ਕੱਢਵਾਉਣ ਜਾਂ ਖਾਤੇ ਵਿੱਚ 1 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮਾਂ ਕਰਨ ਦੀ ਰਿਪੋਰਟ ਪਹਿਲ ਦੇ ਅਧਾਰ ’ਤੇ ਮਹੁੱਈਆ ਕਰਵਾਈ ਜਾਵੇ। ਉਨਾਂ ਬੈਂਕ ਅਧਿਕਾਰੀਆਂ ਨੂੰ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਇੱਕ ਬੈਂਕ ਖਾਤੇ ਤੋਂ ਆਰ.ਟੀ.ਜੀ.ਐਸ. ਦੁਆਰਾ ਇੱਕ ਜ਼ਿਲੇ/ਹਲਕੇ ਵਿੱਚ ਕਈ ਵਿਅਕਤੀਆਂ ਦੇ ਖਾਤਿਆਂ ਵਿੱਚ ਅਸਾਧਾਰਨ ਰਕਮ ਪਾਈ ਹੋਵੇ ਤਾਂ ਉਸਦੀ ਜਾਣਕਾਰੀ ਦਿੱਤੀ ਜਾਵੇ। ਉਨਾਂ ਅੱਗੇ ਕਿਹਾ ਕਿ ਚੋਣ ਉਮੀਦਵਾਰਾਂ ਜਾਂ ਉਨਾਂ ਦੇ ਪਤੀ-ਪਤਨੀ ਜਾਂ ਉਸਦੇ ਆਸ਼ਰਿਤਾਂ ਦੇ ਬੈਂਕ ਖਾਤੇ ਤੋਂ 1 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮਾਂ ਜਾਂ ਕੱਢਵਾਈ ਹੋਵੇ, ਬਾਰੇ ਵੀ ਜਾਣਕਾਰੀ ਦਿੱਤੀ ਜਾਵੇ,

ਜਿਵੇਂ ਕਿ ਉਮੀਦਵਾਰਾਂ ਦੁਆਰਾ ਦਾਇਰ ਹਲਫਨਾਮੇ ਵਿੱਚ ਦੱਸਿਆ ਗਿਆ ਹੈ, ਜੋ ਕਿ ਸੀ.ਈ.ਓ. ਦੀ ਵੈੱਬਸਾਈਟ ’ਤੇ ਉਪਲਬਧ ਹੈ। ਉਨਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਸਿਆਸੀ ਪਾਰਟੀ ਦੇ ਖਾਤੇ ਵਿੱਚ 1 ਲੱਖ ਰੁਪਏ ਤੋਂ ਇਲਾਵਾ ਕਿਸੇ ਵੀ ਹੋਰ ਸ਼ੱਕੀ ਨਕਦ ਲੈਣ-ਦੇਣ, ਜਿਸਦੀ ਵਰਤੋਂ ਚੋਣਾਂ ਵਿੱਚ ਰਿਸ਼ਵਤ ਦੇਣ ਲਈ ਕੀਤੀ ਜਾ ਸਕਦੀ ਹੈ, ਦੀ ਰਿਪੋਰਟ ਕੀਤੀ ਜਾਵੇ। ਉਨਾਂ ਕਿਹਾ ਕਿ ਇਨਕਮ ਟੈਕਸ ਕਾਨੂੰਨ ਤਹਿਤ ਲੋੜੀਂਦੀ ਕਾਰਵਾਈ ਲਈ ਆਮਦਨ ਕਰ ਵਿਭਾਗ ਦੇ ਨੋਡਲ ਅਫਸਰਾਂ ਨੂੰ 10 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਮਾਂ ਕਰਵਾਉਣ ਜਾਂ ਕੱਢਵਾਉਣ ਲਈ ਵੀ ਰਿਪੋਰਟ ਕੀਤੀ ਜਾਣੀ ਹੈ। ਖਰਚਾ ਨਿਗਰਾਨ ਨੇ ਅੱਗੇ ਕਿਹਾ ਕਿ ਸਾਰੀਆਂ ਹਦਾਇਤਾਂ ਜ਼ਿਲੇ ਦੇ ਵਿੱਚ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਪਹਿਲਾਂ ਹੀ ਭੇਜ ਦਿੱਤੀਆਂ ਗਈਆਂ ਹਨ, ਤਾਂ ਜੋ ਇਸ ਦੀ ਪਾਲਣਾ ਨੂੰ ਲਾਜ਼ਮੀ ਤੌਰ ’ਤੇ ਯਕੀਨੀ ਬਣਾਇਆ ਜਾ ਸਕੇ।    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਜੈ ਅਰੋੜਾ, ਜ਼ਿਲਾ ਮੰਡੀ ਅਫ਼ਸਰ ਸ਼੍ਰੀ ਰਜਨੀਸ਼ ਗੋਇਲ, ਜਿਲਾ ਲੀਡ ਬੈਂਕ ਮੈਨੇਜਰ ਕਮਲ ਗਰਗ ਸਮੇਤ, ਸਮੂਹ ਪਬਲਿਕ ਸੈਕਟਰ, ਪ੍ਰਾਈਵੇਟ ਸੈਕਟਰ, ਸਹਿਕਾਰੀ ਅਤੇ ਪੇਂਡੂ/ਗ੍ਰਾਮੀਣ ਬੈਂਕਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here