ਚੰਡੀਗੜ੍ਹ 29,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਲੈਕੇ ਮਾਹੌਲ ਗਰਮ ਹੈ। ਬੀਤੇ ਦਿਨ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਉਨ੍ਹਾਂ ਦੀ ਭੈਣ ਸੁਮਨ ਤੂਰ ਨੇ ਸਨਸਨੀਖੇਜ਼ ਦੋਸ਼ ਲਾਏ ਹਨ। ਅੱਜ ਨਵਜੋਤ ਸਿੱਧੂ ਦੇ ਬਚਾਅ ਲਈ ਉਨ੍ਹਾਂ ਦੇ ਪਿਤਾ ਭਗਵੰਤ ਸਿੱਧੂ ਦੇ ਦੋਸਤ ਅਤੇ ਐਡਵੋਕੇਟ ਮਨਜੀਤ ਸਿੰਘ ਖੇੜਾ ਸਾਹਮਣੇ ਆਏ ਹਨ।
ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਕੀਤੀ ਗਈ ਪ੍ਰੈੱਸ ਕਾਨਫਰੰਸ ‘ਚ ਮਨਜੀਤ ਸਿੰਘ ਖੇੜਾ ਨੇ ਕਿਹਾ ਕਿ 35 ਸਾਲ ਬਾਅਦ ਅਚਾਨਕ ਸਿੱਧੂ ਦੀ ਭੈਣ ਦਾ ਸਾਹਮਣੇ ਆਉਣਾ ਅਤੇ ਅਜਿਹੀ ਬਿਆਨਬਾਜ਼ੀ ਕਰਨਾ ਸਮਝ ਤੋਂ ਬਾਹਰ ਹੈ। ਉਨ੍ਹਾਂ ਆਖਿਆ ਕਿ ਮੈਂ ਭਗਵੰਤ ਸਿੱਧੂ ਦਾ ਕਰੀਬੀ ਦੋਸਤ ਹਾਂ ਅਤੇ ਪਰਿਵਾਰ ਨੂੰ 40 ਸਾਲਾਂ ਤੋਂ ਜਾਣਦਾ ਹਾਂ। ਜਦੋਂ ਭਗਵੰਤ ਸਿੱਧੂ ਦਾ ਦੂਜਾ ਵਿਆਹ ਹੋਇਆ ਤਾਂ ਇਹ ਦੋਵੇਂ ਧੀਆਂ ਵੀ ਨਾਲ ਹੀ ਆਈਆਂ ਸਨ। ਦੋਹਾਂ ਦਾ ਵਿਆਹ ਵੀ ਭਗਵੰਤ ਸਿੱਧੂ ਨੇ ਹੀ ਕੀਤਾ ਸੀ। ਪਰ ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਦੀ ਮਾਂ ਨਿਰਮਲ ਸਿੱਧੂ ਵੱਖ ਰਹਿਣ ਲੱਗ ਪਈ ਹੈ। ਪਰ ਫਿਰ ਵੀ ਕੋਈ ਝਗੜਾ ਨਹੀਂ ਹੋਇਆ।
1986-87 ਵਿੱਚ ਜਦੋਂ ਭਗਵੰਤ ਸਿੱਧੂ ਦਾ ਦੇਹਾਂਤ ਹੋਇਆ ਤਾਂ ਉਨ੍ਹਾਂ ਦੀ ਪਤਨੀ ਅਤੇ ਦੋ ਬੇਟੀਆਂ ਭੋਗ ਉਤੇ ਆਈਆਂ ਸਨ ਅਤੇ ਕੁਝ ਸਮਾਂ ਨਵਜੋਤ ਸਿੱਧੂ ਕੋਲ ਰਹਿ ਕੇ ਵਾਪਸ ਚਲੀਆਂ ਗਈਆਂ ਸਨ। ਪਰ ਜਿਸ ਤਰ੍ਹਾਂ ਅਮਰੀਕਾ ‘ਚ ਰਹਿਣ ਵਾਲੀ ਸਿੱਧੂ ਦੀ ਭੈਣ ਨੇ ਸ਼ੁੱਕਰਵਾਰ ਨੂੰ ਇੱਥੇ ਆ ਕੇ ਸਿੱਧੂ ‘ਤੇ ਦੋਸ਼ ਲਾਏ, ਉਹ ਸਹੀ ਨਹੀਂ ਹੈ। ਜੇਕਰ ਅਜਿਹਾ ਹੁੰਦਾ ਤਾਂ 30 ਤੋਂ 35 ਸਾਲ ਕੌਣ ਉਡੀਕਦਾ। ਕਿਤੇ ਨਾ ਕਿਤੇ ਗੱਲ ਸਾਹਮਣੇ ਆਉਣੀ ਹੀ ਸੀ। ਮੈਂ ਇੱਥੇ ਰਾਜਨੀਤੀ ਕਰਨ ਨਹੀਂ ਆਇਆ। ਨਾ ਹੀ ਮੈਂ ਕਿਸੇ ਦਾ ਪੱਖ ਲੈਣ ਆਇਆ ਹਾਂ ਪਰ ਮਾਮਲਾ ਭਗਵੰਤ ਸਿੱਧੂ ਦਾ ਹੈ ਅਤੇ ਮੈਂ ਉਨ੍ਹਾਂ ਦਾ ਦੋਸਤ ਹਾਂ। ਇਸ ਲਈ ਮੈਨੂੰ ਲੱਗਾ ਕਿ ਇਸ ਮਾਮਲੇ ਨੂੰ ਸਾਹਮਣੇ ਲਿਆਂਦਾ ਜਾਵੇ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਨਵਜੋਤ ਸਿੱਧੂ ਦੀ ਭੈਣ ਨੇ ਨਵਜੋਤ ਸਿੱਧੂ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਮਾਂ ਲਾਵਾਰਿਸ ਹਾਲਤ ‘ਚ ਰਹੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਸਿੱਧੂ ਨੇ ਉਨ੍ਹਾਂ ਦੀ ਕੋਈ ਖਬਰ ਸਾਰ ਨਹੀਂ ਲਈ। 20 ਜਨਵਰੀ ਨੂੰ ਉਹ ਨਵਜੋਤ ਸਿੱਧੂ ਦੇ ਪਟਿਆਲਾ ਸਥਿਤ ਘਰ ਗਈ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ । ਇਸ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਇਹ ਮਾਮਲਾ ਪੂਰੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਨਵਜੋਤ ਸਿੱਧੂ ਦੀ ਪਤਨੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ।