24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਇਸ ਦਾ ਅਜੇ ਰਸਮੀ ਐਲਾਨ ਨਹੀਂ ਕੀਤਾ ਗਿਆ। ਸਿਖਰਲੇ ਅਹੁਦੇ ਲਈ ਪੰਜਾਬ ਵਿਚ ਮੁੱਖ ਮੰਤਰੀ ਚੰਨੀ ਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਤਕਰਾਰ ਚੱਲ ਰਹੀ ਹੈ। ਇਸ ਦੌਰਾਨ ਨਵਜੋਤ ਸਿੱਧੂ ਨੂੰ ਇੱਕ ਇੰਟਰਵਿਊ ‘ਚ ਪੁੱਛਿਆ ਗਿਆ ਕਿ ਪੰਜਾਬ ‘ਚ ਕਾਂਗਰਸ ਦਾ ਲਾੜਾ ਕੌਣ ਹੋਵੇਗਾ।
ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਨਵਜੋਤ ਸਿੱਧੂ ਨੇ ਕਿਹਾ ਕਿ ਚੋਣਾਂ ‘ਚ ਅਜੇ ਇੱਕ ਮਹੀਨਾ ਬਾਕੀ ਹੈ। ਪਿਛਲੀਆਂ ਚੋਣਾਂ ‘ਚ ਪਾਰਟੀ ਨੇ ਵੋਟਿੰਗ ਤੋਂ 10-12 ਦਿਨ ਪਹਿਲਾਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਸੀ। ਬਾਕੀ ਹਾਈਕਮਾਂਡ ਨੂੰ ਜਾਣਦੇ ਹੋਏ ਅਸੀਂ ਮੀਡੀਆ ਰਾਹੀਂ ਇਹ ਨਹੀਂ ਦੱਸਾਂਗੇ। ਹਾਂ, ਚਾਹੀਦਾ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਪਸ਼ਟਤਾ ਹੋਵੇ ਕਿ ਪੰਜਾਬ ਮਾਡਲ ਨੂੰ ਕੌਣ ਲਾਗੂ ਕਰੇਗਾ? ਅਸੀਂ ਇਸ ਮਾਡਲ ਰਾਹੀਂ ਲੋਕਾਂ ਦੇ ਜੀਵਨ ਨੂੰ ਕਿਵੇਂ ਬਿਹਤਰ ਬਣਾਵਾਂਗੇ।
ਕੀ ‘ਪੰਜਾਬ ਮਾਡਲ’ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਜਾਂ ਸਿੱਧੂ ਦਾ ਵਿਜ਼ਨ?
ਹਾਲ ਹੀ ਵਿਚ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਤਹਿਤ ਯੂਥ ਸਕਿਲਿੰਗ ਅਤੇ ਐਂਟਰਪ੍ਰਿਨਿਓਰਸ਼ਿਪ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਸਿਰਫ਼ ਇੱਕ ਚੋਣ ਮਾਡਲ ਨਹੀਂ ਹੈ ਸਗੋਂ ਪੰਜਾਬ ਦੇ ਲੋਕਾਂ ਲਈ ਤਿਆਰ ਕੀਤਾ ਗਿਆ ਭੂਗੋਲਿਕ, ਸਮਾਜਿਕ ਅਤੇ ਆਰਥਿਕ ਕਾਰਕਾਂ ‘ਤੇ ਆਧਾਰਿਤ ਇਕ ਚੰਗੀ ਤਰ੍ਹਾਂ ਖੋਜਿਆ ਗਿਆ ਹੱਲ ਮਾਡਲ ਹੈ। ਇਕ ਇੰਟਰਵਿਊ ਵਿਚ ਸਿੱਧੂ ਨੂੰ ਪੁੱਛਿਆ ਕਿ ਕੀ ‘ਪੰਜਾਬ ਮਾਡਲ’ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਹੈ ਜਾਂ ਸਿੱਧੂ ਦਾ ਵਿਜ਼ਨ?
ਇਸ ‘ਤੇ ਸਿੱਧੂ ਨੇ ਜਵਾਬ ਦਿੱਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦਾ ਮਤਲਬ ਇਹ ਹੈ ਕਿ ਇਹ ਕਾਂਗਰਸ ਦਾ ਹੀ ਵਿਜ਼ਨ ਹੈ। ਮੈਂ ਕੋਈ ਵਿਅਕਤੀ ਨਹੀਂ ਹਾਂ। ਜ਼ਿੰਮੇਵਾਰੀ, ਯੋਗਤਾ ਅਤੇ ਤਾਕਤ ਨਾਲ-ਨਾਲ ਚਲਦੇ ਹਨ। ਕਾਬਲੀਅਤ ਮੇਰੇ ਵਿਚ ਸੀ ਤੇ ਹਾਈਕਮਾਂਡ ਨੇ ਸਾਨੂੰ ਬਲ ਦਿੱਤਾ ਕਿ ਅਸੀਂ ਪੰਜਾਬ ਲਈ ਇਕ ਰੋਡਮੈਪ ਲੈ ਕੇ ਨਿਕਲੀਏ, ਤਾਂ ਜੋ ਸੰਕਟ ਵਿਚ ਘਿਰਿਆ ਪੰਜਾਬ ਮੁੜ ਖੁਸ਼ਹਾਲੀ ਦੇ ਰਾਹ ‘ਤੇ ਆ ਸਕੇ। ਇਸੇ ਲਈ ਮੈਂ ਇਸਨੂੰ ਪੰਜਾਬ ਦੇ ਲੋਕਾਂ ਦਾ ਮਾਡਲ ਆਖਦਾ ਹਾਂ। ਪੰਜਾਬ ਕਿਸੇ ਦੀ ਜਾਇਦਾਦ ਨਹੀਂ ਹੈ। ਇਹ ਮਾਡਲ ਸੱਤਾ ਹਾਸਲ ਕਰਨ ਲਈ ਨਹੀਂ, ਸਗੋਂ ਉਲਟੇ ਰਾਹ ‘ਤੇ ਚੱਲ ਰਹੇ ਪੰਜਾਬ ਨੂੰ ਸਿੱਧੇ ਰਾਹ ‘ਤੇ ਲਿਆਉਣ ਲਈ ਹੈ।
ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਸਿੱਧੂ ਨੇ ਕਿਹਾ, ‘ਕੈਪਟਨ ਅਮਰਿੰਦਰ ਸਿੰਘ ਮਰਿਆ ਹੋਇਆ ਕਾਰਤੂਸ ਹੈ। ਇਹ ਕੁਝ ਵੀ ਨਹੀ ਹੈ। ਉਸ ਨੂੰ ਕਾਂਗਰਸ ਵਿਚੋਂ ਕੱਢ ਦਿੱਤਾ ਗਿਆ। ਮਜੀਠੀਆ ਨੂੰ ਕੈਪਟਨ ਨੇ ਬਚਾਇਆ ਸੀ। ਉਹ ਦਿਨ ਵੇਲੇ ਇਕ ਦੂਜੇ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਸ਼ਾਮ ਨੂੰ ਫਾਰਮ ਹਾਊਸ ਵਿਚ ਇਕੱਠੇ ਹੁੰਦੇ ਹਨ।