ਮਾਨਸਾ 28,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): : ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ (Charanjit Singh Channi) ਨੇ ਸਰਦੂਲਗੜ੍ਹ ਹਲਕੇ ‘ਚ ਰੱਖੀ ਰੈਲੀ ’ਚ ਜਦੋਂ ਹੀ ਬੋਲਣਾ ਸ਼ੁਰੂ ਕੀਤਾ ਨਾਲ ਹੀ ਕੱਚੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਰੋਸ ਜਤਾਉਣਾ ਸ਼ੁਰੂ ਕਰ ਦਿੱਤਾ। ‘ਚੰਨੀ ਸਰਕਾਰ’ ਖ਼ਿਲਾਫ਼ ਲੱਗਦੇ ਨਾਅਰੇ ਸੁਣ ਪੁਲਿਸ ਮੁਲਾਜ਼ਮਾਂ ’ਚ ਹਫ਼ੜਾ ਦਫ਼ੜੀ ਮੱਚ ਗਈ ਅਤੇ ਇਨ੍ਹਾਂ ਇਕੱਠੇ ਹੋ ਠੇਕਾ ਸੰਘਰਸ਼ ਮੋਰਚਾ ਪੰਜਾਬ ਦੇ ਇਕੱਠੇ ਹੋਏ ਮੁਲਾਜ਼ਮਾਂ ਨੂੰ ਪੁਲਿਸ ਨੇ ਚੁੱਕ ਕੇ ਬੱਸਾ ’ਚ ਭਰਨਾ ਸ਼ੁਰੂ ਕਰ ਦਿੱਤਾ ਜਦੋਂਕਿ ਉਕਤ ਮੁਲਾਜ਼ਮ ਸੜਕ ’ਤੇ ਹੀ ਲਿਟ ਗਏ। ਇਸ ਦੌਰਾਨ ਇਨ੍ਹਾਂ ਕੱਚੇ ਮੁਲਾਜ਼ਮਾਂ ਨੇ ਜਿੱਥੇ ਆਪਣਾ ਰੋਸ ਜਤਾਉਂਦੇ ਹੋਏ ਨਾਅਰੇਬਾਜ਼ੀ ਕਰਨੀ ਜਾਰੀ ਰੱਖੀ ਉਥੇ ਹੀ ਪੁਲਿਸ ਮੁਲਾਜ਼ਮਾਂ ਵਲੋਂ ਇਨ੍ਹਾਂ ਨੂੰ ਘੜੀਸ ਘੜੀਸ ਜਾਂ ਕਈਆਂ ਨੂੰ ਚੁੱਕ ਕੇ ਇਨ੍ਹਾਂ ਵੈਨਾਂ ’ਚ ਚੜ੍ਹਾਇਆ ਗਿਆ।
ਜ਼ਿਕਰਯੋਗ ਹੈ ਕਿ ਉਥੇ ਮੌਜੂਦ ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਜਿਵੇਂ -ਜਿਵੇਂ 2022 ਦੀਆਂ ਚੋਣਾਂ ਨਜ਼ਦੀਕ ਆ ਗਈਆਂ ਹਨ ਤਾਂ ਆਮ ਲੋਕਾਂ ਨੂੰ ਇਹ ਸਬਜ਼ਬਾਗ ਦਿਖਾਏ ਜਾ ਰਹੇ ਹਨ ਜਦੋਂਕਿ ਉਹ ਕਈ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਪਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਅਜੇ ਪੱਕਾ ਨਹੀਂ ਕੀਤਾ ਜਾ ਰਿਹਾ। ਉਲਟਾ ਜਦ ਉਹ ਆਪਣੀ ਅਵਾਜ਼ ਉਠਾਉਣ ਦੀ ਕੋਸ਼ਿਸ ਕਰਦੇ ਹਨ ਤਾਂ ਉਨ੍ਹਾਂ ਨੂੰ ਪੁਲਿਸ ਮੁਲਾਜ਼ਮ ਸੜਕਾਂ ’ਤੇ ਘੜੀਸਦੇ ਹਨ ਜਾਂ ਉਨ੍ਹਾਂ ਦੇ ਮੂੰਹ ਬੰਦ ਕਰਕੇ ਵੈਨਾਂ ’ਚ ਬੰਦ ਕਰ ਦਿੰਦੇ ਹਨ। ਇਸ ਦੌਰਾਨ ਅੱਜ ਕਈ ਰੋਸ ਜਤਾ ਰਹੇ ਕੱਚੇ ਮੁਲਾਜ਼ਮਾਂ ਦੀਆਂ ਪੱਗਾਂ ਵੀ ਲੱਥ ਗਈਆਂ ਪਰ ਉਨ੍ਹਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ।