ਚੰਡੀਗੜ੍ਹ 22,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ (Rana Gurmit Sodhi) ਦੇ ਬੀਜੇਪੀ ਵਿੱਚ ਜਾਣ ਮਗਰੋਂ ਚਰਚਾ ਛਿੜੀ ਸੀ ਕਿ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ (Vijay Inder Singla) ਵੀ ਕਾਂਗਰਸ ਛੱਡ ਸਕਦੇ ਹਨ। ਬੇਸ਼ੱਕ ਭਵਿੱਖ ਵਿੱਚ ਕੁਝ ਹੀ ਹੋਵੇ ਪਰ ਵਿਜੈ ਇੰਦਰ ਸਿੰਗਲਾ ਨੇ ਇੱਕ ਵਾਰ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸੀ (Punjab Congress) ਹਨ ਤੇ ਕਾਂਗਰਸ ਵਿੱਚ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਉਹ ਬੀਜੇਪੀ ਵਿੱਚ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਕਾਂਗਰਸ ਦੀ ਸੇਵਾ ਕਰ ਰਿਹਾ ਹਾਂ। ਮੇਰੇ ਪੁਰਖਿਆਂ ਨੇ ਵੀ ਪਾਰਟੀ ਦੀ ਸੇਵਾ ਕੀਤੀ ਹੈ ਤੇ ਮੈਂ ਇਹ ਸੇਵਾ ਕਰਦਾ ਰਹਾਂਗਾ। ਭਾਜਪਾ ਦੀ ਇਹ ਪੁਰਾਣੀ ਨੀਤੀ ਹੈ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਦਬਾਅ ਕੇ ਆਪਣੇ ਵੱਲ ਬੁਲਾਇਆ ਜਾਵੇ ਪਰ ਮੈਂ ਸੱਚੇ ਸਿਪਾਹੀ ਵਜੋਂ ਪਾਰਟੀ ਨਾਲ ਖੜ੍ਹਾ ਰਹਾਂਗਾ।
ਦੱਸ ਦਈਏ ਕਿ ਰਾਣਾ ਸੋਢੀ ਦੇ ਬੀਜੇਪੀ ਵਿੱਚ ਜਾਣ ਮਗਰੋਂ ਕਾਂਗਰਸ ਵਿੱਚ ਹਲਚਲ ਮੱਚ ਗਈ ਹੈ। ਕਾਂਗਰਸ ਹਾਈਕਮਾਨ ਨੇ ਮੰਗਲਵਾਰ ਨੂੰ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। ਚਰਚਾ ਹੈ ਕਿ ਕਾਂਗਰਸ ਦੇ ਹੋਰ ਵਿਧਾਇਕ ਤੇ ਮੰਤਰੀ ਵੀ ਬੀਜੇਪੀ ’ਚ ਸ਼ਾਮਲ ਹੋ ਸਕਦੇ ਹਨ। ਇਸ ਲਈ ਕਾਂਗਰਸ ਹਾਈਕਮਾਨ ਨੇ ਫ਼ੌਰੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ ਕਾਂਗਰਸੀ ਲੀਡਰ ਰਾਹੁਲ ਗਾਂਧੀ ਨਾਲ ਮੰਗਲਵਾਰ ਸਕਰੀਨਿੰਗ ਕਮੇਟੀ ਨੇ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਇੰਚਾਰਜ ਹਰੀਸ਼ ਚੌਧਰੀ ਤੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੀ ਸ਼ਾਮਲ ਹੋਏ। ਅੱਜ ਪੰਜਾਬ ਚੋਣਾਂ ਲਈ ਸੁਨੀਲ ਜਾਖੜ ਦੀ ਅਗਵਾਈ ਵਿੱਚ ਬਣਾਈ ਗਈ ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ਵੀ ਨਵੀਂ ਦਿੱਲੀ ਵਿੱਚ ਤਿੰਨ ਵਜੇ ਹੋ ਰਹੀ ਹੈ ਜਿਸ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਸਮੇਤ 21 ਮੈਂਬਰ ਸ਼ਾਮਲ ਹੋਣਗੇ।