ਚੰਡੀਗੜ੍ਹ 20,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੇ ਮਾਮਲਿਆਂ ਤੇ ਦੋਸ਼ੀਆਂ ਦੇ ਕਤਲ ਦਾ ਗੰਭੀਰ ਨੋਟਿਸ ਲਿਆ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਨੇ ਇਸ ਬਾਰੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਦੀ ਰਿਪੋਰਟ 26 ਦਸੰਬਰ ਤੱਕ ਮੰਗੀ ਹੈ। ਕਮਿਸ਼ਨ ਨੇ ਪੰਜਾਬ ਦੇ ਚੀਫ ਸੈਕਟਰ ਨੂੰ ਨੋਟਿਸ ਜਾਰੀ ਕਰਕੇ ਰਿਪੋਰਟ ਮੰਗੀ ਹੈ।
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪ੍ਰੈੱਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿੱਚ ਕਥਿਤ ਬੇਅਦਬੀ ਦੇ ਮਾਮਲੇ ਤੇ ਦੋਸ਼ੀਆਂ ਦੇ ਕਥਿਤ ਕਤਲ ਗੰਭੀਰ ਮਾਮਲਾ ਹੈ। ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਸ ਲਈ ਪੰਜਾਬ ਦੇ ਚੀਫ ਸੈਕਟਰ ਨੂੰ ਨੋਟਿਸ ਜਾਰੀ ਕਰਕੇ 26 ਦਸੰਬਰ ਤੱਕ ਰਿਪੋਰਟ ਮੰਗੀ ਹੈ।
ਉਧਰ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਅੰਮ੍ਰਿਤਸਰ ਤੇ ਕਪਰੂਥਲਾ ’ਚ ਬੇਅਬਦੀ ਦੀਆਂ ਘਟਨਾਵਾਂ ਨੂੰ ਅਤਿਅੰਤ ਮੰਦਭਾਗੀਆਂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਸਿਟ’ ਦੇ ਨਾਲ ਕੇਂਦਰ ਤੇ ਕੌਮਾਂਤਰੀ ਏਜੰਸੀਆਂ ਨੂੰ ਸੂਬੇ ਦੇ ਵੋਟਾਂ ਸਮੇਂ ਅਜਿਹੀਆਂ ਘਟਨਾਵਾਂ ਵਾਪਰਨ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੂੰ ਕੇਂਦਰ ਦੀਆਂ ਜਾਂਚ ਏਜੰਸੀਆਂ ’ਤੇ ਵਿਸ਼ਵਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਬਹੁਤ ਨੇ ਦੁਖਾਂਤ ਝੱਲਿਆ ਹੈ, ਇਸ ਸਾਜਿਸ਼ ਪਿੱਛੇ ਛਿਪ ਰਹੀਆਂ ਤਾਕਤਾਂ/ਏਜੰਸੀਆਂ ਨੂੰ ਨੰਗੇ ਕਰਨਾ ਮੁੱਖ ਲੋੜ ਬਣ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਬੁਲਾਈ ਕੋਰ ਕਮੇਟੀ ਦੀ ਮੀਟਿੰਗ
ਸ਼੍ਰੋਮਣੀ ਅਕਾਲੀ ਦਲ ਨੇ 23 ਦਸੰਬਰ ਨੂੰ ਚੰਡੀਗੜ੍ਹ ਵਿਖੇ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ। ਇਸ ਮੀਟਿੰਗ ਵਿੱਚ ਬੇਅਦਬੀ ਦੀਆਂ ਘਟਨਾਵਾਂ ਬਾਰੇ ਚਰਚਾ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਵਟੀਟ ਕਰਦਿਆਂ ਲਿਖਿਆ ਹੈ ਕਿ ਬੇਅਦਬੀ ਦੀਆਂ ਹਾਲੀਆ ਘਟਨਾਵਾਂ ਨੂੰ ਦਹਿਲਾ ਦੇਣ ਵਾਲੀਆਂ, ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਦੀ ਡੂੰਘੀ ਸਾਜ਼ਿਸ਼ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਦੇ ਤੇ ਸੂਬੇ ਦੀ ਮੌਜੂਦਾ ਸਥਿਤੀ ‘ਤੇ ਵਿਚਾਰ ਕਰਨ ਲਈ ਕੋਰ ਕਮੇਟੀ ਦੀ ਮੀਟਿੰਗ 23 ਦਸੰਬਰ ਨੂੰ ਚੰਡੀਗੜ੍ਹ ਵਿਖੇ ਬੁਲਾਈ ਹੈ।