19,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼)ਮਲੇਸ਼ੀਆ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਮਲੇਸ਼ੀਆ ਵਿੱਚ ਐਤਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ 22,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸ਼ੁੱਕਰਵਾਰ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਕਈ ਸ਼ਹਿਰੀ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਹੜ੍ਹਾਂ ਕਾਰਨ ਕਈ ਥਾਵਾਂ ‘ਤੇ ਸੜਕਾਂ ਟੁੱਟ ਗਈਆਂ ਹਨ, ਜਿਸ ਕਾਰਨ ਹਜ਼ਾਰਾਂ ਵਾਹਨ ਫਸੇ ਹੋਏ ਹਨ।
ਮਲੇਸ਼ੀਆ ‘ਚ ਹੜ੍ਹ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ
ਮਲੇਸ਼ੀਆ ਦੀ ਸਰਕਾਰੀ ਵੈਬਸਾਈਟ ‘ਤੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਅੱਠ ਰਾਜਾਂ ਤੇ ਪ੍ਰਦੇਸ਼ਾਂ ਦੇ ਲਗਪਗ 22,000 ਹੜ੍ਹ ਪੀੜਤਾਂ ਨੂੰ ਤਬਦੀਲ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ 10,000 ਤੋਂ ਵੱਧ ਲੋਕ ਕੇਂਦਰੀ ਰਾਜ ਪਹਾਂਗ (Pahang) ਦੇ ਸਨ। ਦੇਸ਼ ਦੇ ਸਭ ਤੋਂ ਅਮੀਰ ਰਾਜ ਮੰਨੇ ਜਾਣ ਵਾਲੇ ਸੇਲਾਂਗੋਰ (Selangor) ਦੇ 5000 ਤੋਂ ਵੱਧ ਲੋਕ ਹੜ੍ਹਾਂ ਕਾਰਨ ਆਪਣੇ ਘਰ ਛੱਡ ਚੁੱਕੇ ਹਨ। ਸੇਲਾਂਗਰ (Selangor) ਦੇਸ਼ ਦੀ ਰਾਜਧਾਨੀ ਕੁਆਲਾਲੰਪੁਰ ਦੇ ਨੇੜੇ ਹੈ।
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਹੜ੍ਹਾਂ ‘ਤੇ ਚਿੰਤਾ ਪ੍ਰਗਟਾਈ
ਪ੍ਰਧਾਨ ਮੰਤਰੀ ਇਸਮਾਈਲ ਸਾਬਰੀ ਯਾਕੂਬ (Prime Minister Ismail Sabri Yaakob) ਨੇ ਭਿਆਨਕ ਹੜ੍ਹਾਂ ਬਾਰੇ ਚਿੰਤਾ ਪ੍ਰਗਟਾਈ ਹੈ ਅਤੇ ਰਾਹਤ ਤੇ ਬਚਾਅ ਕਾਰਜਾਂ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ ਹਨ। ਉਨ੍ਹਾਂ ਸ਼ਨੀਵਾਰ ਦੇਰ ਰਾਤ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ “ਸੇਲਾਂਗੋਰ ਵਿੱਚ ਹੜ੍ਹ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਸੇਲਾਂਗੋਰ ਵਿੱਚ ਮਾਨਸੂਨ ਦੇ ਮੌਸਮ ਵਿੱਚ ਕਦੇ-ਕਦਾਈਂ ਹੀ ਹੜ੍ਹ ਆਉਂਦੇ ਹਨ।” ਇੱਕ ਸਰਕਾਰੀ ਵੈੱਬਸਾਈਟ ਨੇ ਐਤਵਾਰ ਸਵੇਰੇ ਛੇ ਕੇਂਦਰੀ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਹੜ੍ਹ ਦਾ ਪਾਣੀ ਚਿੰਤਾਜਨਕ ਪੱਧਰ ਤੋਂ ਵੱਧ ਦਿਖਾਇਆ।
ਮਲੇਸ਼ੀਆ ਦੀ ਰਾਜਧਾਨੀ ਅਤੇ ਇਸ ਦੇ ਆਲੇ-ਦੁਆਲੇ ਦਰਜਨਾਂ ਸੜਕ ਮਾਰਗਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਬੰਦਰਗਾਹ ਵਾਲੇ ਸ਼ਹਿਰ ਕਲਾਂਗ ਲਈ ਰੇਲ ਸੇਵਾਵਾਂ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜਿੱਥੇ ਕੁਝ ਇਲਾਕਿਆਂ ‘ਚ ਮੀਂਹ ਦੀ ਰਫ਼ਤਾਰ ਮੱਠੀ ਹੋਈ ਹੈ, ਉੱਥੇ ਹੀ ਮੌਸਮ ਵਿਭਾਗ ਨੇ ਪਹਾਂਗ ਦੇ ਕੁਝ ਇਲਾਕਿਆਂ ‘ਚ ਬਾਰਿਸ਼ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ।