ਲੰਦਨ 19,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਯੂਰਪ ਭਰ ਦੇ ਦੇਸ਼ਾਂ ਨੇ ਤੇਜ਼ੀ ਨਾਲ ਫੈਲ ਰਹੇ ਓਮੀਕ੍ਰੋਨ ਵੇਰੀਐਂਟ ਨੂੰ ਰੋਕਣ ਲਈ ਸਖ਼ਤ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੱਥੇ ਬ੍ਰਿਟੇਨ ਦੋ ਹਫ਼ਤਿਆਂ ਲਈ ਲੌਕਡਾਊਨ ਲਗਾਉਣ ਦੀ ਤਿਆਰੀ ਕਰ ਰਿਹਾ ਹੈ, ਉੱਥੇ ਨੇਪਾਲ ਤੇ ਦੱਖਣੀ ਕੋਰੀਆ ਸਮੇਤ ਕਈ ਹੋਰ ਦੇਸ਼ਾਂ ਨੇ ਵੀ ਇਸ ਵੇਰੀਐਂਟ ਨੂੰ ਰੋਕਣ ਲਈ ਕਈ ਸਖ਼ਤ ਕਦਮ ਚੁੱਕੇ ਹਨ। ਫ਼ਰਾਂਸ ਤੇ ਆਸਟ੍ਰੀਆ ‘ਚ ਸਖ਼ਤ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।
ਪੈਰਿਸ ‘ਚ ਨਵੇਂ ਸਾਲ ਦੀ ਸ਼ਾਮ ਨੂੰ ਹੋਣ ਵਾਲੀ ਆਤਿਸ਼ਬਾਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ। ਡੈਨਮਾਰਕ ਨੇ ਪੱਬਾਂ ਤੇ ਰੈਸਟੋਰੈਂਟਾਂ ਦੇ ਨਾਲ-ਨਾਲ ਥੀਏਟਰਾਂ, ਸਿਨੇਮਾ ਹਾਲਾਂ, ਮਨੋਰੰਜਨ ਪਾਰਕਾਂ ਨੂੰ ਬੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਹੈ। ਆਇਰਲੈਂਡ ਨੇ ਰਾਤ 8 ਵਜੇ ਤੋਂ ਬਾਅਦ ਪੱਬਾਂ ਤੇ ਬਾਰਾਂ ‘ਚ ਕਰਫਿਊ ਲਗਾਉਣ ਦਾ ਹੁਕਮ ਦਿੱਤਾ ਹੈ। ਖੁੱਲ੍ਹੀਆਂ ਤੇ ਬੰਦ ਥਾਵਾਂ ‘ਤੇ ਇਕੱਠ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਗਈ ਹੈ।
ਨੀਦਰਲੈਂਡ ‘ਚ ਵੀ ਸਰਕਾਰ ਇਕ ਮਾਹਰ ਪੈਨਲ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ‘ਤੇ ਵਿਚਾਰ ਕਰ ਰਹੀ ਹੈ, ਜਿਸ ਨੇ ਅੰਸ਼ਿਕ ਤੌਰ ‘ਤੇ ਸਖ਼ਤ ਲੌਕਡਾਊਨ ਕਰਨ ਲਈ ਕਿਹਾ ਹੈ। ਹਾਲਾਂਕਿ ਪਾਬੰਦੀਆਂ ਨੂੰ ਲੈ ਕੇ ਫ਼ਰਾਂਸ ਸਮੇਤ ਯੂਰਪ ਦੇ ਕੁਝ ਦੇਸ਼ਾਂ ‘ਚ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਿਆ ਹੈ।
\
ਯੂਕੇ ‘ਚ ਓਮੀਕ੍ਰੋਨ ਸਮੇਤ ਹੋਰ ਵੇਰੀਐਂਟ ਦੀ ਲੜੀ ਨੂੰ ਤੋੜਨ ਲਈ 2 ਹਫ਼ਤਿਆਂ ਦੇ ਲੌਕਡਾਊਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇੱਥੇ ਪਹਿਲਾਂ ਤੋਂ ਹੀ ਸਖ਼ਤ ਪਾਬੰਦੀਆਂ ਲਾਗੂ ਹਨ, ਜਿੱਥੇ ਬੰਦ ਥਾਵਾਂ ‘ਤੇ ਮਾਸਕ ਪਹਿਨਣ ਅਤੇ ਵੱਡੇ ਇਕੱਠਾਂ ਤੇ ਨਾਈਟ ਕਲੱਬਾਂ ‘ਚ ਜਾਣ ਲਈ ਟੀਕਾਕਰਨ ਜਾਂ ਨੈਗੇਟਿਵ ਕੋਰੋਨਾ ਟੈਸਟ ਰਿਪੋਰਟ ਨਾਲ ਲਿਜਾਣਾ ਜ਼ਰੂਰੀ ਹੈ।
ਨੇਪਾਲ ਨੇ ਜਰਮਨੀ, ਇਟਲੀ, ਯੂਕੇ, ਕੈਨੇਡਾ ਅਤੇ ਅਮਰੀਕਾ ਸਮੇਤ 67 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ 14 ਦਿਨਾਂ ਦਾ ਕੁਆਰੰਟੀਨ ਲਾਜ਼ਮੀ ਕਰ ਦਿੱਤਾ ਹੈ। ਇਸ ‘ਚ 7 ਦਿਨ ਹੋਟਲ ‘ਚ ਤੇ 7 ਦਿਨ ਹੋਮ ਕੁਆਰੰਟੀਨ ‘ਚ ਰਹਿਣਾ ਹੋਵੇਗਾ। ਸੰਕਰਮਿਤ ਪਾਏ ਜਾਣ ‘ਤੇ ਮਰੀਜ਼ਾਂ ਨੂੰ ਵਿਸ਼ੇਸ਼ ਕੋਰੋਨਾ ਹਸਪਤਾਲ ‘ਚ ਦਾਖਲ ਕਰਵਾਇਆ ਜਾਵੇਗਾ।
ਦੱਖਣੀ ਕੋਰੀਆ ਨੇ ਵੀ ਸੰਕਰਮਣ ਦੇ ਮਾਮਲੇ ਵਧਣ ਕਾਰਨ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ। ਪਿਛਲੇ 4 ਦਿਨਾਂ ਤੋਂ ਰੋਜ਼ਾਨਾ 7 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੇਸ ਸਥਾਨਕ ਲਾਗ ਦੇ ਹਨ।
ਰਾਜਧਾਨੀ ਸਿਓਲ ‘ਚ ਕਿਸੇ ਵੀ ਪ੍ਰਾਈਵੇਟ ਪਾਰਟੀ ਜਾਂ ਪ੍ਰੋਗਰਾਮ ‘ਚ ਹੁਣ 6 ਦੀ ਬਜਾਏ ਵੱਧ ਤੋਂ ਵੱਧ 4 ਲੋਕ ਹੀ ਸ਼ਾਮਲ ਹੋ ਸਕਦੇ ਹਨ। ਪੇਂਡੂ ਖੇਤਰਾਂ ‘ਚ ਇਹ ਗਿਣਤੀ ਵੱਧ ਤੋਂ ਵੱਧ 8 ਹੈ। ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਰੈਸਟੋਰੈਂਟਾਂ ਜਾਂ ਕੈਫ਼ਿਆਂ ‘ਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ।
ਅਫ਼ਰੀਕਾ ਦੇ ਕਈ ਦੇਸ਼ਾਂ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੰਕਰਮਿਤਾਂ ਦੀ ਗਿਣਤੀ 91 ਲੱਖ ਨੂੰ ਪਾਰ ਕਰ ਗਈ ਹੈ। ਦੱਖਣੀ ਅਫ਼ਰੀਕਾ, ਮੋਰੱਕੋ, ਟਿਊਨੀਸ਼ੀਆ ਅਤੇ ਇਥੋਪੀਆ ‘ਚ ਹੁਣ ਤਕ ਸਭ ਤੋਂ ਵੱਧ ਸੰਕਰਮਿਤ ਪਾਏ ਗਏ ਹਨ।