*ਦੂਜੇ ਦਿਨ ਵੀ ਬੈਂਕਾਂ ਦੀ ਹੜਤਾਲ ਜਾਰੀ! ਜਬਰਦਸਤ ਧਰਨਾ ਅਤੇ ਰੋਸ ਮਾਰਚ ਕੱਢਿਆ ਗਿਆ*

0
27

ਮਾਨਸਾ 17,ਦਸੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਇੱਥੇ ਗਊਸ਼ਾਲਾ ਰੋਡ ਸਥਿਤ ਇੰਡੀਅਨ ਓਵਰਸੀਜ਼ ਬੈਂਕ ਦੀ ਸ਼ਾਖਾ ਦੇ ਬਾਹਰ ਯੂਨਾਈਟੇਡ ਫੋਰਮ ਆਫ ਬੈਂਕ ਯੂਨੀਅਨਸ ਦੇ ਬੈਨਰ ਹੇਠ ਨੌ ਮੁਲਾਜਮ ਜੱਥੇਬੰਦੀਆਂ ਦੇ ਵੱਖ-ਵੱਖ ਬੈਂਕਾਂ ਦੇ ਲਗਭਗ 150 ਦੇ ਕਰੀਬ ਬੈਂਕ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਜਬਰਦਸਤ ਨਾਹਰੇਬਾਜੀ ਤੇ ਤਿੱਖੀ ਸੁਰ ਵਿੱਚ ਤਕਰੀਰਾਂ ਕੀਤੀਆਂ। ਜਿਕਰਯੋਗ ਹੈ ਕਿ ਅੱਜ ਦੇਸ਼ ਭਰ ਦੇ ਲਗਭਗ 10 ਲੱਖ ਮੁਲਾਜ਼ਮ ਅਤੇ ਅਧਿਕਾਰੀ ਸਰਕਾਰ ਦੁਆਰਾ ਸੰੰਸਦ ਵਿੱਚ ਕੁੱਝ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨ ਦਾ ਬਿੱਲ ਪੇਸ ਕਰਨ ਦੇ ਖਿਲਾਫ ਹੜਤਾਲ ਤੇ ਹਨ।
ਬੈਂਕ ਕਰਮੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਨਰਾ ਬੈਂਕ ਯੂਨੀਅਨ ਦੇ ਸਟੇਟ ਮੈਂਬਰ ਕਾਮਰੇਡ ਕੁਲਦੀਪ ਰਾਏ ਨੇ ਦੱਸਿਆ ਕਿ ਅੱਜ ਦੀ ਹੜਤਾਲ ਦੇਸ਼ ਦੀ ਤਾਨਾਸ਼ਾਹ ਮੋਦੀ ਹਕੂਮਤ ਦੇ ਖਿਲਾਫ ਹੈ ਜੋ ਕਿ ਹਰ ਪਬਲਿਕ ਸੈਕਟਰ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਜਾ ਰਹੀ ਹੈ। ਇਸੇ ਤਰਜ਼ ਉੱਪਰ ਹੁਣ ਮੋਦੀ ਹਕੂਮਤ ਦੀ ਨਿਗ੍ਹਾ ਦੇਸ਼ ਦੀ ਆਰਥਿਕਤਾ ਦਾ ਧੁਰਾ ‘ਸਰਕਾਰੀ ਬੈਂਕਾਂ’ ਉੱਪਰ ਆ ਟਿਕੀ ਹੈ ਅਤੇ ਹੁਣ ਇਹ ਇਹਨਾਂ ਬੈਂਕਾਂ ਨੂੰ ਆਪਣੇ ਚੰਦ ‘ਜੁੰਡੀ ਦੇ ਯਾਰਾਂ’ ਨੂੰ ਸੌਂਪਣ ਤੇ ਤੁਲੀ ਹੈ।
ਮੁਲਾਜਮ ਵਰਗ ਦੇ ਜੁਝਾਰੂ ਆਗੂ ਕਾਮਰੇਡ ਨਰਪਾਲ ਨੇ ਮੋਦੀ ਸਰਕਾਰ ਤੇ ਤਾਬੜਤੋੜ ਵਰ੍ਹਦਿਆਂ ਕਿਹਾ ਕਿ ਸਰਕਾਰ ਮੁੱਠੀ ਭਰ ਸਰਮਾਏਦਾਰਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਸਰਕਾਰ ਸਾਰੇ ਦੇ ਸਾਰੇ ਸਰਕਾਰੀ ਬੈਂਕਾਂ ਨੂੰ ਜਾਣ ਬੁੱਝ ਕੇ ਘਾਟੇ ਚ ਦਿਖਾ ਕੇ ਖਤਮ ਕਰਕੇ ਅੰਬਾਨੀਆਂ-ਅਡਾਨੀਆਂ ਦੇ ਸਪੁਰਦ ਕਰਨ ਲਈ ਪੱਬਾਂ ਭਾਰ ਨਜਰ ਆ ਰਹੀ ਹੈ। ਕਾਮਰੇਡ ਵਿਕਾਸ ਗੋਇਲ; ਅਤੇ ਕਾਮਰੇਡ ਪ੍ਰਵੀਨ ਕੁਮਾਰ ਨੇ ਵੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਵੱਡੇ ਸਰਮਾਏਦਾਰ ਸਰਕਾਰੀ ਬੈਂਕਾਂ ਦੇ ਕਰਜੇ ਦੱਬ ਕੇ ਵਿਦੇਸ਼ਾਂ ਵਿੱਚ ਆਯਾਸ਼ੀਆਂ ਕਰ ਰਹੇ ਹਨ ਤੇ ਸਰਕਾਰ ਉਲਟਾ ਇਸ ਦਾ ਦੋਸ਼ ਬੈਂਕਾਂ ਦੇ ਸਿਰ ਮੜ੍ਹ ਕੇ ਬੈਂਕਾਂ ਨੂੰ ਹੀ ਸਰਮਾਏਦਾਰਾਂ ਦੇ ਹਵਾਲੇ ਕਰਨ ਨੂੰ ਤਿਆਰ ਹੈ।
ਸਟੇਟ ਬੈਂਕ ਆਫ ਇੰਡੀਆ ਤੋਂ ਕਾਮਰੇਡ ਜਸਵੀਰ ਸਿੰਘ ਅਤੇ ਕਾਮਰੇਡ  ਨੇ ਸੰਬੋਧਨ ਦੌਰਾਨ ਕਿਹਾ ਕਿ ਕਾਰਪੋਰੇਟ ਤਾਂ ਪਹਿਲਾਂ ਹੀ ਸਰਕਾਰੀ ਬੈਂਕਾਂ ਦਾ ਹਜ਼ਾਰਾਂ ਕਰੋੜ ਰੁਪਏ ਲੁੱਟ ਕੇ ਵਿਦੇਸ਼ਾਂ ਨੂੰ ਤਿੱਤਰ ਹੋ ਜਾਂਦੇ ਹਨ। ਪਰ ਜੇਕਰ ਬੈਂਕਾਂ ਹੀ ਇਹਨਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਤਾਂ ਲੋਕਾਂ ਦੇ ਪੈਸੇ ਦਾ ਕੀ ਬਣੇਗਾ
ਨੌਜਵਾਨ ਆਗੂ ਪ੍ਰਤਿਭਾ ਕਾਠ ਸਾਥੀਆਂ ਨੂੰ ਕਿਹਾ ਕਿ ਆਉਣ ਵਾਲਾ ਸਮਾਂ ਸੁਖਾਵਾਂ ਨਹੀਂ, ਸਗੋਂ ਬਹੁਤ ਹੀ ਚੁਣੌਤੀਆਂ ਭਰਪੂਰ ਹੈ ਅਤੇ ਸਾਨੂੰ ਤਿੱਖੇ ਸੰਘਰਸ਼ਾਂ ਦਾ ਪਿੜ ਮਘਾਉਣਾ ਪਵੇਗਾ। ਜੇਕਰ ਸਾਰਵਜਨਿਕ ਖੇਤਰ ਦੀਆਂ ਬੈਂਕਾਂ ਦੀ ਹੋਂਦ ਬਚਾਉਣੀ ਹੈ ਤਾਂ ਨੌਜਵਾਨ ਵਰਗ ਨੂੰ ਅੱਗੇ ਆਉਣਾ ਪਵੇਗਾ ਅਤੇ ਸੱਤਾ ਦੇ ਨਸ਼ੇ ਚ ਪਾਗਲ ਮੋਦੀ ਜੁੰਡਲੀ ਤੇ ਕਾਰਪੋਰੇਟਾਂ ਦੀ ਰਖੈਲ ਬਣ ਚੁੱਕੀ ਸਰਕਾਰ ਨਾਲ ਸਿੱਧੇ ਰੂਪ ਚ ਆਢਾ ਲਾਉਣਾ ਪਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਸਰਕਾਰੀ ਬੈਂਕਾਂ ਦੁਆਰਾ ਲਾਗੂ ਕੀਤੀਆਂ ਜਾਂਦੀਆਂ ਹਨ।ਉਹਨਾਂ ਕਿਹਾ ਕਿ ਸਰਕਾਰ ਦਾ ਬੈਂਕ ਨੂੰ ਖਤਮ ਕਰਨ ਦਾ ਕੰਮ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕੋਈ ਦਰੱਖਤ ਦੇ ਡਾਹਣੇ ਉੱਪਰ ਬੈਠ ਕੇ ਉਸੇ ਨੁੰ ਵੱਢ ਰਿਹਾ ਹੋਵੇ।
ਜਬਰਦਸਤ ਤਕਰੀਰਾਂ, ਭਾਸ਼ਣਾਂ ਤੇ ਸਰਕਾਰ ਵਿਰੋਧੀ ਜੋਸ਼ੀਲੇ ਨਾਹਰਿਆਂ ਦੇ ਨਾਲ-ਨਾਲ ਬੈਂਕ ਮੁਲਾਜਮਾਂ ਦੁਆਰਾ ਬਸ ਸਟੈਂਡ ਤੱਕ ਇੱਕ ਵਿਸ਼ਾਲ ਰੈਲੀ ਕੱਢੀ ਗਈ ਅਤੇ ਆਮ ਜਨਤਾ ਨੂੰ ਸਰਕਾਰ ਦੀ ਕੋਝੀ ਮਨਸ਼ਾ ਤੋਂ ਜਾਣੂ ਕਰਵਾਇਆ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਤੋਂ ਰੂਲਦੂ ਸਿੰਘ , ਕਿਸਾਨ ਯੂਨੀਅਨ ਉਗਰਾਹਾਂ ਤੋਂ ਜਗਸੀਰ ਸਿੰਘ ਜਵਾਹਰਕੇ, ਕਾਮਰੇਡ ਰਾਜਵਿੰਦਰ ਰਾਣਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਾਹਿਲ ਜੈਨ, ਦੀਪਕ ਸੇਠੀ, ਨੀਰਜ ਕੁਮਾਰ, ਭੁਪਿੰਦਰ ਸਿੰਘ, ਗਗਨਦੀਪ ਸਿੰਘ, ਜਸਵੀਰ ਸਿੰਘ, ਲਛਮਣ ਸਿੰਘ, ਰਾਕੇਸ਼ ਕੁਮਾਰ, ਕੁਲਵਿੰਦਰ ਗੁਰੂ ਆਦਿ ਕਾਮਰੇਡ ਵੀ ਸ਼ਾਮਿਲ ਸਨ।

LEAVE A REPLY

Please enter your comment!
Please enter your name here