*ਕਿਸਾਨਾਂ ਦੇ ਵਿਰੋਧ ਮਗਰੋਂ ਪੰਜਾਬ ‘ਚ 25 ਟੋਲ ਪਲਾਜ਼ੇ ਬੰਦ*

0
103

ਚੰਡੀਗੜ੍ਹ 16,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕਿਸਾਨਾਂ ਦਾ ਅੰਦੋਲਨ ਵੀ ਖ਼ਤਮ ਹੋ ਗਿਆ ਹੈ ਪਰ ਪੰਜਾਬ ਵਿੱਚ ਹਾਲੇ ਤੱਕ ਸਾਰੇ ਟੋਲ ਪਲਾਜ਼ੇ ਨਹੀਂ ਖੋਲ੍ਹੇ। ਬੁੱਧਵਾਰ ਨੂੰ ਸਿੰਘੂ ਬਾਰਡਰ ‘ਤੇ ਆਵਾਜਾਈ ਸ਼ੁਰੂ ਹੋ ਗਈ ਪਰ ਅਜੇ ਵੀ ਪੰਜਾਬ ‘ਚ 25 ਥਾਵਾਂ ‘ਤੇ ਟੋਲ ਪਲਾਜ਼ਿਆਂ ‘ਤੇ ਕਿਸਾਨ ਧਰਨੇ ‘ਤੇ ਬੈਠੇ ਹਨ। ਸਿਰਫ਼ ਸੱਤ ਟੋਲ ਪਲਾਜ਼ੇ ਹੀ ਖੁੱਲ੍ਹ ਸਕੇ ਹਨ।

ਦੱਸ ਦਈਏ ਕਿ ਕਿਸਾਨਾਂ ਨੇ 15 ਦਸੰਬਰ ਤੋਂ ਧਰਨਾ ਖਤਮ ਕਰਨ ਦੀ ਗੱਲ ਕਹੀ ਸੀ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਕਿਸਾਨਾਂ ਨੇ ਧਰਨਾ ਸਮਾਪਤ ਕਰਨ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਵੀ ਰੱਖੇ। ਇਸ ਦੌਰਾਨ ਐਨਐਚਏਆਈ ਨੇ ਟੋਲ ‘ਤੇ ਵਧੇ ਹੋਏ ਰੇਟਾਂ ਦੀ ਸੂਚੀ ਲੱਗਾ ਦਿੱਤੀ, ਜਿਸ ਨੂੰ ਦੇਖ ਕੇ ਕਿਸਾਨ ਆਗੂ ਭੜਕ ਗਏ।

ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਰਮੀਤ ਕਾਦੀਆਂ ਨੇ ਪਾਠ ਦੌਰਾਨ ਐਲਾਨ ਕੀਤਾ ਕਿ ਜਦੋਂ ਤੱਕ ਟੋਲ ਪਲਾਜ਼ਿਆਂ ’ਤੇ ਪੁਰਾਣੇ ਰੇਟ ਬਹਾਲ ਨਹੀਂ ਕੀਤੇ ਜਾਂਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਸਿੰਘ ਕਿਸਾਨ ਆਗੂਆਂ ਅੱਗੇ ਅਪੀਲ ਕੀਤੀ ਪਰ ਕਿਸਾਨ ਨਹੀਂ ਮੰਨੇ।

ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਲਾਡੋਵਾਲ, ਬਠਿੰਡਾ ਦੇ ਪਿੰਡ ਲਹਿਰਾ ਬੇਗਾ ਤੇ ਪਿੰਡ ਜੀਦਾ, ਮੋਗਾ ਦੇ ਪਿੰਡ ਵੜਿੰਗ ਤੇ ਸਿੰਘਾਵਾਲਾ, ਸੰਗਰੂਰ ਦੇ ਲੱਡਾ ਤੇ ਕਾਲਾਝਾਰ, ਅੰਮ੍ਰਿਤਸਰ ਦੇ ਜੰਡਿਆਲਾ ਗੁਰੂ, ਕੱਥੂਨੰਗਲ ਤੇ ਅਟਾਰੀ ਵਿੱਚ ਜਦੋਂਕਿ ਤਰਨ ਤਾਰਨ ਦੇ ਪਿੰਡ ਉਸਮਾਨ ਵਿੱਚ ਅਜੇ ਤੱਕ ਟੋਲ ਨਹੀਂ ਖੁੱਲ੍ਹਿਆ।

ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਤਲਵੰਡੀ ਭਾਈ ਤੇ ਫਾਜ਼ਿਲਕਾ ਦੇ ਥੇਹ ਕਲੰਦਰ, ਪਟਿਆਲਾ ਦੇ ਰਾਜਪੁਰਾ ਦੇ ਧਰੇੜੀ ਜੱਟਾਂ, ਸਮਾਣਾ, ਭਾਦਸੋਂ-ਅਮਲੋਹ ਰੋਡ ‘ਤੇ ਸਥਿਤ ਟੋਲ ਤੇ ਨਾਭਾ ਦੇ ਪਿੰਡ ਰੱਖੜਾ ਦਾ ਟੋਲ ਪਲਾਜ਼ਾ ਸ਼ਾਮਲ ਹਨ। ਹੁਸ਼ਿਆਰਪੁਰ ਦੇ ਹਰਸਾ ਮਾਨਸਰ, ਮਾਨਗੜ੍ਹ, ਟਾਂਡਾ, ਨੰਗਲ ਸ਼ਹੀਦਾਂ ਤੇ ਲਾਚੋਵਾਲ ਦੇ ਟੋਲ ਵੀਰਵਾਰ ਤੋਂ ਸ਼ੁਰੂ ਹੋਣਗੇ। ਜਦੋਂਕਿ ਨਵਾਂਸ਼ਹਿਰ ਦੇ ਬਹਿਰਾਮ, ਬਛੂਆਣ ਤੇ ਮਜਾਰੀ ਵਿਖੇ ਟੋਲ ਬੰਦ ਰਹਿਣਗੇ।

LEAVE A REPLY

Please enter your comment!
Please enter your name here