ਲੁਧਿਆਣਾ 16,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੁਧਿਆਣਾ ਵਿੱਚ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਨਗਰ ਵਿੱਚ ਅਟਲ ਅਪਾਰਟਮੈਂਟ ਦਾ ਉਦਘਾਟਨ ਕਰਨ ਆਏ ਸੀ। ਮੁੱਖ ਮੰਤਰੀ ਦੀ ਆਮਦ ਦੌਰਾਨ ਦੰਗਾ ਪੀੜਤਾਂ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ। ਦੰਗਾ ਪੀੜਤ ਜਥੇਬੰਦੀ ਦੇ ਪ੍ਰਧਾਨ ਸੁਰਜੀਤ ਸਿੰਘ ਤੇ ਉਨ੍ਹਾਂ ਨਾਲ ਗੁਰਦੀਪ ਕੌਰ ਵੀ ਸਨ।
ਦੰਗਾਂ ਪੀੜਤਾਂ ਨੇ ਉੱਥੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਹ ਦੋਵੇਂ ਮੁੱਖ ਮੰਤਰੀ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ। ਆਵਾਜ਼ ਸੁਣ ਕੇ ਮੁੱਖ ਮੰਤਰੀ ਨੇ ਇਨ੍ਹਾਂ ਦੋਵਾਂ ਆਗੂਆਂ ਨੂੰ ਉੱਥੇ ਬੁਲਾ ਲਿਆ ਤੇ ਉਨ੍ਹਾਂ ਨੇ ਕੁਝ ਸਮਾਂ ਇਨ੍ਹਾਂ ਨਾਲ ਗੱਲਬਾਤ ਕੀਤੀ।
ਦੱਸ ਦਈਏ ਕਿ ਅੱਜ ਗੁਰਦਾਸਪੁਰ ਵਿੱਚ ਵੀ ਸੀਐਮ ਚਰਨਜੀਤ ਚੰਨੀ ਨੂੰ ਅਜੀਬ ਹਾਲਾਤ ਦਾ ਸਾਹਮਣਾ ਕਰਨਾ ਪਿਆ। ਉਹ ਗੁਰਦਾਸਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਨ ਗਏ ਪਰ ਪੰਡਾਲ ਖਾਲੀ ਹੋਣ ਦੀ ਖ਼ਬਰ ਸੁਣ ਕੇ ਹੈਲੀਪੈਡ ਤੋਂ ਹੀ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ।
ਮੁੱਖ ਮੰਤਰੀ ਚੰਨੀ ਨੇ 12 ਵਜੇ ਰੈਲੀ ਵਿੱਚ ਪਹੁੰਚਣਾ ਸੀ। ਮੁੱਖ ਮੰਤਰੀ ਸਮੇਂ ਸਿਰ ਪਹੁੰਚ ਗਏ ਪਰ ਪੰਡਾਲ ਵਿੱਚ ਕੁਰਸੀਆਂ ਖਾਲੀ ਸਨ। ਇਸ ਦੀ ਖਬਰ ਮਿਲਦਿਆਂ ਹੀ ਮੁੱਖ ਮੰਤਰੀ ਚੰਨੀ ਰੈਲੀ ਵਿੱਚ ਜਾਣ ਦੀ ਬਜਾਏ ਹੈਲੀਪੈਡ ਤੋਂ ਹੀ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ।\
ਉਧਰ, ਦੰਗਾਂ ਪੀੜਤਾਂ ਦੇ ਮਾਮਲੇ ਨੂੰ ਲੈ ਕੇ ਬੀਜੇਪੀ ਵੀ ਸਰਗਰਮ ਹੋ ਗਈ ਹੈ। ਬੀਜੇਪੀ ‘ਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ 1984 ਕਤਲੇਆਮ ਦੇ 73 ਪੀੜਤ ਪਰਿਵਾਰਾਂ ਲਈ ਨੌਕਰੀਆਂ ਤੇ ਬਕਾਇਆ ਐਕਸ-ਗ੍ਰੇਸ਼ੀਆ ਮੁਆਵਜ਼ੇ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁੱਦੇ ‘ਤੇ ਅੱਜ ਦਿੱਲੀ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਖੀਰਵਰ ਜੀ ਨਾਲ ਚਰਚਾ ਕੀਤੀ ਹੈ।
ਸਿਰਸਾ ਨੇ ਦਾਅਵਾ ਕੀਤਾ ਹੈ ਕਿ ਡਿਵੀਜ਼ਨਲ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਐਕਸ-ਗ੍ਰੇਸ਼ੀਆ ਮੁਆਵਜ਼ੇ ਦੀਆਂ ਅਜਿਹੀਆਂ 114 ਲੰਬਿਤ ਫਾਈਲਾਂ ਨੂੰ ਤੁਰੰਤ ਕਲੀਅਰ ਕਰ ਦਿੱਤਾ ਗਿਆ ਹੈ ਤੇ ਰਕਮ ਨੂੰ ਵੰਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਹਾਈਕੋਰਟ ਦੇ ਹੁਕਮਾਂ ਅਨੁਸਾਰ 73 ‘ਚੋਂ ਕੁਝ ਨੂੰ ਤੁਰੰਤ ਨੌਕਰੀ ਦੇ ਪੱਤਰ ਭੇਜੇ ਗਏ ਹਨ ਤੇ ਬਾਕੀ ਆਉਣ ਵਾਲੇ ਦਿਨਾਂ ‘ਚ ਭੇਜੇ ਜਾਣਗੇ।