*ਸਿਹਤ ਮੁਲਾਜ਼ਮਾਂ ਨੇ ਭੱਤਿਆਂ ਦੀ ਬਹਾਲੀ ਲਈ ਕੀਤਾ ਰੋਸ ਪ੍ਰਦਰਸ਼ਨ*

0
10

ਮਾਨਸਾ, 16 ਦਸੰਬਰ (ਸਾਰਾ ਯਹਾਂ/ਔਲਖ ) ਪੰਜਾਬ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਅਤੇ ਮੁਲਾਜ਼ਮਾਂ ਨੂੰ ਵੱਡੇ ਗੱਫੇ ਦੇਣ ਦਾ ਖ਼ੂਬ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਨਾਲ ਆਮ ਲੋਕਾਂ ਨੂੰ ਲੱਗ ਰਿਹਾ ਹੈ ਕਿ ਮੁਲਾਜ਼ਮਾਂ ਦੀਆਂ ਤਾਂ ਹੁਣ ਮੌਜਾਂ ਹੀ ਮੌਜਾਂ ਹਨ। ਪਰ ਸਰਕਾਰ ਲੋਕਾਂ ਨੂੰ ਇਹ ਨਹੀਂ ਦੱਸ ਰਹੀ ਕਿ ਇਹ ਕੋਈ ਗੱਫੇ ਨਹੀਂ ਸਗੋਂ ਇਹ ਮੁਲਾਜ਼ਮਾਂ ਦਾ ਸਾਲ 2016 ਤੋਂ ਬਣਦਾ ਬਕਾਇਆ ਹੱਕ ਹੈ ਜਿਸ ਨੂੰ ਸਰਕਾਰ ਨੇ ਲਮਕ ਲਮਕਈਆ ਅਤੇ ਕੱਟ ਵੱਢ ਕਰਕੇ ਲਾਗੂ ਕਰਨ ਦਾ ਹਲੇ ਐਲਾਨ ਮਾਤਰ ਹੀ ਕੀਤਾ ਹੈ। ਹਲੇ ਤਨਖਾਹ ਕਿਸੇ ਮੁਲਾਜ਼ਮ ਨੂੰ ਮਿਲੀ ਵੀ ਨਹੀਂ  ਕਿ ਸਰਕਾਰ ਨੇ ਵੱਖ-ਵੱਖ ਤਰ੍ਹਾਂ ਦੇ ਭੱਤਿਆਂ ਨੂੰ ਕੱਟਣ, ਏ ਸੀ ਪੀ ਰੋਕਣ, ਪਰਖ ਅਧੀਨ ਮੁਲਾਜ਼ਮਾਂ ਦਾ ਏਰੀਅਰ ਅਤੇ ਬਕਾਇਆ ਨਾ ਦੇਣ ਦੇ ਪੱਤਰਾਂ ਦੀ ਝੜੀ ਲਗਾ ਦਿੱਤੀ ਹੈ। ਜਿਸ ਨਾਲ ਚਿਰਾਂ ਤੋਂ ਤਨਖਾਹਾਂ ਵਧਣ ਦੀ ਉਡੀਕ ਕਰਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨਾਂ ਗੱਲਾਂ ਦਾ ਪ੍ਰਗਟਾਵਾ ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਦੀਪ ਸਿੰਘ ਨੇ ਅੱਜ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਸੱਦੇ ਤੇ ਸਿਹਤ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਕੀਤਾ। ਇਸ ਰੋਸ ਧਰਨੇ ਵਿੱਚ ਸਮੂਹ ਸਿਹਤ ਮੁਲਾਜ਼ਮ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤਾਲਮੇਲ ਕਮੇਟੀ ਦੇ ਸਟੇਟ ਆਗੂ ਕੇਵਲ ਸਿੰਘ ਨੇ ਕਿਹਾ ਕਿ  ਜੇਕਰ ਸਰਕਾਰ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਹੀ ਇਨ੍ਹਾਂ ਭੱਤਿਆਂ ਨੂੰ ਪਹਿਲਾਂ ਹੀ ਸ਼ਾਮਲ ਨਾ ਕਰਦੀ ਤਾਂ ਮੁਲਾਜ਼ਮਾਂ ਨੇ ਮਨਜ਼ੂਰ ਨਹੀਂ ਕਰਨਾ ਸੀ। ਹੁਣ ਆਪਸ਼ਨਾ ਲੈਂਦੇ ਹੀ ਸਰਕਾਰ ਦਾ ਅਸਲ ਮੁਲਾਜ਼ਮ ਮਾਰੂ ਚਿਹਰਾ ਨੰਗਾ ਹੋਣ ਲਗਿਆ ਹੈ। ਮੁਲਾਜ਼ਮ ਆਗੂ ਜਗਦੀਸ਼ ਸਿੰਘ ਪੱਖੋ ਨੇ ਕਿਹਾ ਕਿ ਅੱਜ ਪੰਜਾਬ ਭਰ ਤੋਂ ਸਿਹਤ ਮੁਲਾਜ਼ਮ ਠੇਕਾ ਅਧਾਰਿਤ ਅਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਵਿਭਾਗ ਵਿੱਚ ਸ਼ਾਮਲ ਕੀਤੇ ਸਿਹਤ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਸਾਰੇ ਤਰ੍ਹਾਂ ਦੇ ਭੱਤੇ ਬਹਾਲ ਕਰਨ ਅਤੇ ਪਰਖ ਅਧੀਨ ਮੁਲਾਜ਼ਮਾਂ ਦਾ ਏਰੀਅਰ ਅਤੇ ਬਕਾਇਆ ਜਾਰੀ ਕਰਵਾਉਣ ਲਈ ਸਿਵਲ ਸਰਜਨਾਂ ਰਾਹੀਂ ਮੰਗ ਪੱਤਰ ਭੇਜੇ ਜਾ ਰਹੇ ਹਨ।   ਇਸ ਮੌਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਪਿੱਟ ਸਿਆਪਾ ਕੀਤਾ ਗਿਆ। ਇਸ ਉਪਰੰਤ ਸਿਵਲ ਸਰਜਨ ਮਾਨਸਾ ਡਾ ਹਰਜਿੰਦਰ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਅੰਤ ਵਿੱਚ ਇਹ ਫੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਮੁਲਾਜ਼ਮ ਮਾਰੂ ਫੇਸਲੇ ਵਾਪਸ ਨਹੀਂ ਲੈਂਦੀ ਤਾਂ ਸਿਹਤ ਵਿਭਾਗ ਦੇ ਪੂਰਨ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ ਜਿਸਦੀ ਪੂਰਨ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।   ਇਸ ਮੌਕੇ ਡਾ ਅਰਸ਼ਦੀਪ ਸਿੰਘ, ਜਰਨਲ ਸਕੱਤਰ ਗੁਰਪਾਲ ਸਿੰਘ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ ਕਣਕਵਾਲੀਆ, ਮਨੋਜ ਕੁਮਾਰ , ਜਗਦੀਸ਼ ਰਾਏ, ਸ਼ਿੰਦਰ ਕੌਰ, ਹੇਮ ਰਾਜ, ਲਕਸ਼ਵੀਰ ਸਿੰਘ, ਬਰਜਿੰਦਰ ਸਿੰਘ, ਚੰਦਰਕਾਂਤ, ਰਾਜਿੰਦਰ ਸਿੰਘ, ਰਵਿੰਦਰ ਸਿੰਘ, ਕੇਵਲ ਸਿੰਘ, ਤਰਲੋਕ ਸਿੰਘ, ਸੁਖਦੀਪ ਕੌਰ, ਸ਼ਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਬਾਲ ਕ੍ਰਿਸ਼ਨ, ਤਰਸੇਮ ਸਿੰਘ, ਅਸ਼ੋਕ ਸ਼ਰਮਾ, ਅਮਰੀਕ ਸਿੰਘ, ਗੁਰਦਰਸ਼ਨ ਸਿੰਘ, ਅੰਗਰੇਜ਼ ਸਿੰਘ, ਯਾਦਵਿੰਦਰ ਸਿੰਘ, ਪਰਮਜੀਤ ਕੌਰ, ਸਵਰਨ ਕੌਰ, ਗੁਰਤੇਜ ਸਿੰਘ, ਸੁਖਪ੍ਰੀਤ ਸਿੰਘ, ਕੁਲਜੀਤ ਸਿੰਘ, ਰਾਜਵਿੰਦਰ ਸਿੰਘ, ਨਵਦੀਪ ਕਾਠ, ਰੁਪਿੰਦਰ ਸਿੰਘ, ਸੰਦੀਪ ਕੁਮਾਰ, ਮੋਹਨ ਸਿੰਘ,ਗੁਰਤੇਜ ਕੌਰ, ਸਿਮਰਜੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here