ਮਾਨਸਾ 15,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਸ਼੍ਰੀ ਤੁਲਸੀ ਜਾਗਰਣ ਮੰਚ ਮਾਨਸਾ ਵੱਲੋਂ ਸ਼੍ਰੀ ਤੁਲਸੀ ਪੂਜਨ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਚ ਦੇ ਅਹੁਦੇਦਾਰਾਂ ਸਮੀਰ ਛਾਬੜਾ, ਕੰਵਲਜੀਤ ਸ਼ਰਮਾ ਅਤੇ ਇੰਦਰਸੈਨ ਅਕਲੀਆਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਮਾਗਮ 25 ਦਸਬੰਰ 2021 ਦਿਨ ਸ਼ਨੀਵਾਰ ਨੂੰ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਸਵੇਰੇ 5 ਵਜੇ ਪ੍ਰਭਾਤ ਫੇਰੀ ਸ਼੍ਰੀ ਸ਼ਿਵ ਸ਼ਨੀ ਪੁਸ਼ਪਵਾਟਿਕਾ ਮੰਦਰ ਨੇੜੇ ਸ਼੍ਰੀ ਰਾਮ ਨਾਟਕ ਕਲੱਬ ਕੋਲੋਂ ਸ਼ੁਭ ਆਰੰਭ ਕਰਕੇ ਸਮੁੱਚੇ ਸ਼ਹਿਰ ਵਿੱਚ ਕੀਤੀ ਜਾਵੇਗੀ, ਜਿਸਦੀ ਸੰਪੂਰਨਤਾ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨ ਵੇ ਟ੍ਰੈਫਿਕ ਰੋਡ ਮਾਨਸਾ ਵਿਖੇ ਹੋਵੇਗੀ ਜਿਥੇ ਸੰਕੀਰਤਨ ਅਤੇ ਮੰਗਲ ਆਰਤੀ ਕੀਤੀ ਜਾਵੇਗੀ। ਇਸੇ ਸਬੰਧ ਵਿੱਚ ਬੱਚਿਆਂ ਵਿੱਚ ਸ਼੍ਰੀ ਸਨਾਤਨ ਧਰਮ ਪ੍ਰਤੀ ਲਗਨ ਵਧਾਉਣ ਲਈ ਦੋ ਗਰੁੱਪਾਂ ਵਿੱਚ ਇੱਕ ਆਨਲਾਈਨ ਪ੍ਰਤੀਯੋਗਤਾ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ਼੍ਰੀ ਤੁਲਸੀ ਮਾਤਾ ਵਾਲਾ ਗ਼ਮਲਾ ਸਜਾਉਣਾ, ਕਵਿਤਾ ਲਿਖਣੀ ਅਤੇ, ਭਜਨ ਗਾਉਣਾ ਸ਼ਾਮਲ ਹੈ ਦੋਵੇਂ ਗਰੁੱਪਾਂ ਦੇ ਤਿੰਨੋਂ ਵਿਸ਼ਿਆਂ ਵਿੱਚੋਂ ਅਲੱਗ-ਅਲੱਗ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਬੱਚਿਆਂ ਨੂੰ 25 ਦਸੰਬਰ ਨੂੰ ਆਰਤੀ ਵਾਲੇ ਸਥਾਨ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰਤੀਯੋਗਤਾ ਵਿੱਚ 7 ਸਾਲ ਦੀ ਉਮਰ ਤੋਂ ਲੈਕੇ 9 ਸਾਲ ਦੀ ਉਮਰ ਤੱਕ ਅਤੇ 9 ਸਾਲ ਦੀ ਉਮਰ ਤੋਂ ਲੈਕੇ 11ਸਾਲ ਦੀ ਉਮਰ ਤੱਕ ਦੇ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਇਸ ਪ੍ਰਤੀਯੋਗਤਾ ਦੇ ਹਰੇਕ ਪ੍ਰਤੀਯੋਗੀ ਨੂੰ ਹੌਸਲਾ ਅਫ਼ਜ਼ਾਈ ਇਨਾਮ ਦਿੱਤਾ ਜਾਵੇਗਾ।